ਪੰਜਾਬ ਵਿੱਚ ਮੌਸਮ ਇੱਕ ਵਾਰ ਫਿਰ ਕਰਵਾ ਪਲਟਾ ਖਾ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਦੂਹਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਸੂਚਨਾ ਦਿੱਤੀ ਹੈ ਕਿ ਅਗਲੇ ਹਫ਼ਤੇ ਤੱਕ ਸੂਬੇ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਭਾਵੇਂ ਮੈਦਾਨੀ ਇਲਾਕਿਆਂ ਵਿੱਚ ਵਰਖਾ ਨਹੀਂ ਹੋਵੇਗੀ, ਪਰ ਪਹਾੜੀ ਖੇਤਰਾਂ ਵਿੱਚ ਹੋ ਰਹੀ ਨਵੀਂ ਬਰਫ਼ਬਾਰੀ ਦਾ ਸਿੱਧਾ ਅਸਰ ਪੰਜਾਬ ਦੇ ਤਾਪਮਾਨ ‘ਤੇ ਪਵੇਗਾ। ਇਸ ਕਰਕੇ ਰੋਜ਼ਾਨਾ ਪਾਰਾ 1 ਤੋਂ 2 ਡਿਗਰੀ ਤੱਕ ਘਟਣ ਦੀ ਸੰਭਾਵਨਾ ਬਣੀ ਰਹੇਗੀ।
ਤਾਜ਼ਾ ਮੌਸਮੀ ਅੰਕੜੇ ਦਰਸਾਉਂਦੇ ਹਨ ਕਿ ਦਿਨ ਤੇ ਰਾਤ ਦੇ ਤਾਪਮਾਨ ਵਿਚ ਵੱਡਾ ਫਰਕ ਬਣਿਆ ਹੋਇਆ ਹੈ। ਰਾਤਾਂ ਹੋਰ ਠੰਡੀਆਂ ਹੋ ਰਹੀਆਂ ਹਨ, ਜਦਕਿ ਦਿਨ ਦੇ ਵੇਲੇ ਹੌਲੀ ਗਰਮੀ ਮਹਿਸੂਸ ਹੋ ਰਹੀ ਹੈ। ਵਿਭਾਗ ਅਨੁਸਾਰ, ਅਗਲੇ 3–4 ਦਿਨ ਮੌਸਮ ਖੁਸ਼ਕ ਰਹੇਗਾ ਅਤੇ ਮੀਂਹ ਦੀ ਉਮੀਦ ਨਹੀਂ ਹੈ। ਵਿਗਿਆਨੀ ਇਹ ਵੀ ਕਹਿੰਦੇ ਹਨ ਕਿ ਨਵੰਬਰ ਦੇ ਅੰਤਲੇ ਦਿਨਾਂ ਜਾਂ ਦਸੰਬਰ ਦੀ ਸ਼ੁਰੂਆਤ ਵਿੱਚ ਮੀਂਹ ਪੈਣ ‘ਤੇ ਹੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਦੀ ਆਸ ਕੀਤੀ ਜਾ ਸਕਦੀ ਹੈ।
ਮਾਨਸਾ ਸਭ ਤੋਂ ਗਰਮ, ਫਰੀਦਕੋਟ ਸਭ ਤੋਂ ਠੰਡਾ
ਤਾਪਮਾਨ ਦੇ ਅੰਕੜਿਆਂ ਵੱਲ ਨਜ਼ਰ ਮਾਰੀਏ ਤਾਂ ਮਾਨਸਾ ਮੁੜ ਸਭ ਤੋਂ ਗਰਮ ਸ਼ਹਿਰ ਰਿਹਾ, ਜਿੱਥੇ ਦਿਨ ਦਾ ਪਾਰਾ 31.3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸਦੇ ਬਿਰੁੱਧ, ਫਰੀਦਕੋਟ ਸਭ ਤੋਂ ਠੰਡਾ ਰਿਹਾ, ਜਿੱਥੇ ਰਾਤ ਦਾ ਤਾਪਮਾਨ 7 ਡਿਗਰੀ ਤੱਕ ਡਿੱਗ ਗਿਆ। ਰਾਜਧਾਨੀ ਚੰਡੀਗੜ੍ਹ ਵਿੱਚ ਦਿਨ ਦਾ ਤਾਪਮਾਨ 27.4 ਡਿਗਰੀ ਅਤੇ ਰਾਤ ਦਾ 10.1 ਡਿਗਰੀ ਦਰਜ ਕੀਤਾ ਗਿਆ।






