ਪੰਜਾਬ ਦੇ ਪਿੰਡਾਂ ‘ਚ ਹੋਵੇਗੀ ਦਿਲਜੀਤ ਦੀ ਸਤਲੁਜ ਦੀ ਸਕ੍ਰੀਨਿੰਗ

ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਵਿਵਾਦਾਂ ਵਿੱਚ ਘਿਰੀ ਫਿਲਮ “ਸਤਲੁਜ” ਨੂੰ ਲੈ ਕੇ ਪੰਜਾਬ ਵਿੱਚ ਚਰਚਾ ਹੋਰ ਤੇਜ਼ ਹੋ ਗਈ ਹੈ। OTT ਪਲੇਟਫਾਰਮ ਤੋਂ ਫਿਲਮ ਹਟਾਏ ਜਾਣ ਤੋਂ ਬਾਅਦ ਲੋਕਾਂ ਵਿੱਚ ਇਸ ਨੂੰ ਦੇਖਣ ਦੀ ਉਤਸੁਕਤਾ ਕਾਫ਼ੀ ਵੱਧ ਗਈ ਹੈ।

ਮੰਗਲਵਾਰ ਦੇਰ ਸ਼ਾਮ ਗੁਰਦਾਸਪੁਰ ਜ਼ਿਲ੍ਹੇ ਦੇ ਮਾਨਚੋਪੜਾ ਪਿੰਡ ਵਿੱਚ ਪਿੰਡ ਵਾਸੀਆਂ ਲਈ ਫਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਰੱਖੀ ਗਈ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਕੇ ਲੋਕਾਂ ਨੂੰ ਫਿਲਮ ਦੇਖਣ ਲਈ ਸੱਦਾ ਦਿੱਤਾ ਗਿਆ ਸੀ।

ਇਸੇ ਕੜੀ ਤਹਿਤ ਪਠਾਨਕੋਟ ਦੇ ਦੋ ਪ੍ਰਮੁੱਖ ਗੁਰਦੁਆਰਿਆਂ ਨੇ ਵੀ ਫਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਕਰਨ ਦਾ ਫੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਅੱਜ ਬੁੱਧਵਾਰ ਰਾਤ 8 ਵਜੇ ਗੁਰਦੁਆਰਾ ਸਿੰਘ ਸਭਾ, ਮਾਡਲ ਟਾਊਨ ਅਤੇ ਵੀਰਵਾਰ ਰਾਤ 8 ਵਜੇ ਗੁਰਦੁਆਰਾ ਸਿੰਘ ਸਭਾ ਸੈਂਟਰਲ, ਰਾਣੀਪੁਰ ਵਿਖੇ ਫਿਲਮ ਦਿਖਾਈ ਜਾਵੇਗੀ।

ਗੁਰਦੁਆਰਾ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਫਿਲਮ ਨੂੰ ਲੈ ਕੇ ਸ਼ਰਧਾਲੂਆਂ, ਖਾਸ ਕਰਕੇ ਨੌਜਵਾਨਾਂ ਵਿੱਚ ਕਾਫ਼ੀ ਉਤਸ਼ਾਹ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸਕ੍ਰੀਨਿੰਗ ਲਈ ਸਾਰੀਆਂ ਲੋੜੀਂਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਉੱਧਰ, ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਨੇ ਕਿਹਾ ਕਿ ਫਿਲਮ ਦੀ ਸ਼ੁਰੂਆਤ ਗੁਰਦਾਸਪੁਰ ਤੋਂ ਕੀਤੀ ਗਈ ਹੈ ਅਤੇ ਲੋਕਾਂ ਵੱਲੋਂ ਇਸ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਫਿਲਮ ਦੀ ਸਕ੍ਰੀਨਿੰਗ ਪੰਜਾਬ ਦੇ ਹਰ ਪਿੰਡ ਤੱਕ ਪਹੁੰਚਾਉਣ ਦੀ ਯੋਜਨਾ ਹੈ।