ਪੰਜਾਬ ਦੇ ਇਸ ਸ਼ਹਿਰ ‘ਚ ਫੈਲਿਆ ਖ਼ਤਰਨਾਕ ਵਾਇਰਸ, 30 ਸਤੰਬਰ ਤੱਕ ਲੱਗੀਆਂ ਪਾਬੰਦੀਆਂ

ਅਫਰੀਕਨ ਸਵਾਈਨ ਫੀਵਰ ਪਟਿਆਲਾ ‘ਚ: ਸਰਕਾਰ ਵੱਲੋਂ ਲਾਗੂ ਕੀਤੀਆਂ ਪਾਬੰਦੀਆਂ

ਪਟਿਆਲਾ ਸ਼ਹਿਰ ਦੇ ਪਿੰਡ ਰਵਾਸ ਬ੍ਰਾਹਮਣਾਂ ਵਿੱਚ ਇੱਕ ਪਿੱਗ ਫਾਰਮ ‘ਚ ਅਫਰੀਕਨ ਸਵਾਈਨ ਫੀਵਰ (ASF) ਦੇ ਕੇਸ ਦੀ ਪੁਸ਼ਟੀ ਹੋਣ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਚੌਕਸੀ ‘ਚ ਆ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਵੱਲੋਂ ਪਿੰਡ ਨੂੰ ਇਨਫੈਕਟਿਡ ਖੇਤਰ ਘੋਸ਼ਿਤ ਕਰ ਦਿੱਤਾ ਗਿਆ ਹੈ।

ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਦੇ ਤਹਿਤ ਤੁਰੰਤ ਪ੍ਰਭਾਵ ਨਾਲ ਕਈ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ, ਜੋ 31 ਜੁਲਾਈ ਤੋਂ 30 ਸਤੰਬਰ 2025 ਤੱਕ ਲਾਗੂ ਰਹਿਣਗੀਆਂ।

ਇਨ੍ਹਾਂ ਪਾਬੰਦੀਆਂ ਅਨੁਸਾਰ:

  • ਪ੍ਰਭਾਵਿਤ ਖੇਤਰ ਵਿਚੋਂ ਜਾਂ ਉਥੇ ਵੱਲ ਜਿੰਦੇ ਜਾਂ ਮਰੇ ਹੋਏ ਸੂਰ, ਜੰਗਲੀ ਸੂਰ, ਸੂਰ ਦਾ ਮੀਟ, ਫੀਡ, ਮਸ਼ੀਨਰੀ ਜਾਂ ਹੋਰ ਸਮਾਨ ਲਿਜਾਣ ‘ਤੇ ਪੂਰੀ ਤਰ੍ਹਾਂ ਰੋਕ ਲਾਈ ਗਈ ਹੈ।

ਨੈਸ਼ਨਲ ਇੰਸਟੀਚਿਊਟ ਆਫ ਹਾਈ ਸਿਕਿਊਰਿਟੀ ਐਨੀਮਲ ਡਿਸੀਜ਼ਜ਼, ਭੋਪਾਲ ਵੱਲੋਂ ਮਿਲੀ ਰਿਪੋਰਟ ਦੇ ਆਧਾਰ ‘ਤੇ:

  • ਬਿਮਾਰੀ ਦੇ ਕੇਂਦਰ ਤੋਂ 0 ਤੋਂ 1 ਕਿਲੋਮੀਟਰ ਤੱਕ ਦਾ ਖੇਤਰ ਇਨਫੈਕਟਿਡ ਜ਼ੋਨ
  • 1 ਤੋਂ 10 ਕਿਲੋਮੀਟਰ ਤੱਕ ਦਾ ਖੇਤਰ ਨਿਗਰਾਨੀ ਜ਼ੋਨ ਘੋਸ਼ਿਤ ਕੀਤਾ ਗਿਆ ਹੈ।

ਇਨ੍ਹਾਂ ਖੇਤਰਾਂ ਵਿੱਚ ਪੂਰੀ ਨਿਗਰਾਨੀ, ਸਰਵੇਖਣ ਅਤੇ ਜਰੂਰੀ ਕਾਰਵਾਈ ਜਾਰੀ ਰਹੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਅਤੇ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਸਹਿਯੋਗ ਦਿਓ।

ਕੋਈ ਵੀ ਉਲੰਘਣਾ ਹੋਣ ‘ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।