ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਕੈਬਨਿਟ ਨੇ ਮੁਫ਼ਤ ਸੈਨੇਟਰੀ ਨੈਪਕਿਨ ਵੰਡ ਯੋਜਨਾ ਦੇ ਪੁਨਰਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਯੋਜਨਾ ‘ਨਵੀਂ ਦਿਸ਼ਾ ਯੋਜਨਾ’ ਦੇ ਨਾਂ ਨਾਲ ਚੱਲੇਗੀ। ਇਸ ਤਬਦੀਲੀ ਦਾ ਮਕਸਦ ਪੂਰੇ ਸੂਬੇ ਵਿੱਚ ਭਰੋਸੇਮੰਦ, ਸੁਚਾਰੂ ਅਤੇ ਬਿਨਾ ਰੁਕਾਵਟ ਸੇਵਾ ਮੁਹੱਈਆ ਕਰਵਾਉਣਾ ਹੈ। ਸੰਸ਼ੋਧਿਤ ਯੋਜਨਾ ਅਨੁਸਾਰ, ਆਂਗਣਵਾੜੀ ਕੇਂਦਰਾਂ ਰਾਹੀਂ ਲੋੜਵੰਦ ਮਹਿਲਾਵਾਂ ਨੂੰ ਹਰ ਮਹੀਨੇ ਨਿਯਮਿਤ ਤੌਰ ‘ਤੇ 9 ਸੈਨੇਟਰੀ ਨੈਪਕਿਨ ਦਿੱਤੇ ਜਾਣਗੇ।
ਹਰ ਆਂਗਣਵਾੜੀ ਕੇਂਦਰ ਲਈ 50 ਲਾਭਪਾਤਰੀਆਂ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ, ਜਿਸ ਤਹਿਤ ਮਹੀਨੇ ਵਿੱਚ ਘੱਟੋ-ਘੱਟ 13,65,700 ਔਰਤਾਂ ਤੱਕ ਇਹ ਸਹੂਲਤ ਪਹੁੰਚੇਗੀ। ਮੰਤਰੀ ਨੇ ਇਹ ਵੀ ਕਿਹਾ ਕਿ ਯੋਗ ਲਾਭਪਾਤਰੀਆਂ ਦੀ ਗਿਣਤੀ ਹੋਰ ਵਧਾਉਣ ਲਈ ਪੂਰਾ ਜਤਨ ਕੀਤਾ ਜਾਵੇਗਾ ਤਾਂ ਜੋ ਹਰ ਜ਼ਰੂਰੀ ਔਰਤ ਤੱਕ ਇਹ ਯੋਜਨਾ ਦਾ ਲਾਭ ਪਹੁੰਚੇ। ਯੋਜਨਾ ਦੇ ਸੁਚਾਰੂ ਚਲਾਉਣ ਲਈ ਕੈਬਨਿਟ ਵੱਲੋਂ 53 ਕਰੋੜ ਰੁਪਏ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਡਾ. ਬਲਜੀਤ ਕੌਰ ਮੁਤਾਬਕ ਨਵੇਂ ਮਾਡਲ ਵਿੱਚ ਖ਼ਰੀਦ, ਟਰਾਂਸਪੋਰਟ, ਵੰਡ, ਨਿਗਰਾਨੀ ਅਤੇ ਗੁਣਵੱਤਾ ਜਾਂਚ ਲਈ ਸਪੱਸ਼ਟ ਤੇ ਮਜ਼ਬੂਤ ਨਿਯਮ ਬਣਾਏ ਗਏ ਹਨ, ਜਿਸ ਨਾਲ ਪਹਿਲਾਂ ਆ ਰਹੀਆਂ ਬੇਨਿਯਮੀਆਂ ਦਾ ਅੰਤ ਹੋਵੇਗਾ।
ਉਨ੍ਹਾਂ ਕਿਹਾ ਕਿ ਯੋਜਨਾ ਨੂੰ ਮਜ਼ਬੂਤੀ ਨਾਲ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲਈ ਆਂਗਣਵਾੜੀ ਵਰਕਰਾਂ ਨੂੰ ਪੂਰੀ ਸਹੂਲਤ ਅਤੇ ਸਹਾਇਤਾ ਦਿੱਤੀ ਜਾਵੇਗੀ। ਪਾਰਦਰਸ਼ਤਾ ਵਧਾਉਣ ਲਈ ਮੋਬਾਇਲ ਐਪ, ਡਿਜੀਟਲ ਡੈਸ਼ਬੋਰਡ ਤੇ ਹੋਰ ਆਈ.ਟੀ. ਟੂਲਾਂ ਰਾਹੀਂ ਅਸਲ-ਸਮੇਂ ਦੇ ਡਾਟਾ ਦੀ ਨਿਗਰਾਨੀ ਕੀਤੀ ਜਾਵੇਗੀ, ਜਿਸ ਨਾਲ ਸਪਲਾਈ ਚੇਨ ਦਾ ਹਰ ਰਿਕਾਰਡ ਡਿਜੀਟਲ ਹੋਵੇਗਾ। ਔਰਤਾਂ ਅਤੇ ਕੁੜੀਆਂ ਨੂੰ ਸਿਹਤਮੰਦ ਮਾਹਵਾਰੀ ਅਭਿਆਸ ਅਤੇ ਸਫ਼ਾਈ ਬਾਰੇ ਜਾਗਰੂਕ ਕਰਨ ਲਈ IEC ਮੁਹਿੰਮ ਵੀ ਚਲਾਈ ਜਾਵੇਗੀ। ਡਾ. ਕੌਰ ਨੇ ਕਿਹਾ ਕਿ ਯੋਜਨਾ ਦੀ ਲਾਗੂਕਰਨ ਪ੍ਰਕਿਰਿਆ ਨੂੰ ਦੋ ਸਾਲ ਬਾਅਦ ਸਮੀਖਿਆ ਕਰਕੇ ਹੋਰ ਸੁਧਾਰ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ।






