ਪੰਜਾਬ ਤੋਂ ਵੱਡੀ ਖਬਰ, ਬੰਦ ਰਹਿਣਗੀਆਂ ਇਹ ਦੁਕਾਨਾਂ ? 31 ਮਾਰਚ ਤੋਂ ਪਹਿਲਾਂ ਕਰ ਲਓ ਤਿਆਰੀ…

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਇੱਕ ਮਹੱਤਵਪੂਰਨ ਖਬਰ ਸਾਹਮਣੇ ਆਈ ਹੈ। ਭਗਵਾਨ ਮਹਾਵੀਰ ਦੇ 2625ਵੇਂ ਜਨਮ ਦਿਵਸ ਦੇ ਮੌਕੇ ‘ਤੇ ਲੁਧਿਆਣਾ ਸ਼ਹਿਰ ਵਿੱਚ ਮੀਟ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਅਹਾਤਿਆਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਇਹ ਫੈਸਲਾ ਜੈਨ ਧਰਮ ਦੇ ਇਸ ਪਵਿੱਤਰ ਦਿਨ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ।

ਹੁਕਮਾਂ ਅਨੁਸਾਰ, 31 ਮਾਰਚ ਨੂੰ ਸ਼ਹਿਰ ਵਿੱਚ ਮੀਟ ਦੀਆਂ ਦੁਕਾਨਾਂ, ਅੰਡਿਆਂ ਦੀਆਂ ਰੇਹੜੀਆਂ ਅਤੇ ਸ਼ਰਾਬ ਦੇ ਠੇਕੇ ਪੂਰੀ ਤਰ੍ਹਾਂ ਬੰਦ ਰਹਿਣਗੇ। ਇਸ ਦਿਨ ਹੋਟਲਾਂ ਵਿੱਚ ਵੀ ਨਾਨ-ਵੈਜ ਖਾਣਾ ਨਹੀਂ ਮਿਲੇਗਾ। ਡੀਸੀ ਨੇ ਕਿਹਾ ਕਿ ਭਗਵਾਨ ਮਹਾਵੀਰ ਅਹਿੰਸਾ ਦੇ ਪ੍ਰਤੀਕ ਸਨ ਅਤੇ ਉਨ੍ਹਾਂ ਦਾ ਜਨਮ ਦਿਨ ‘ਅਹਿੰਸਾ ਦਿਵਸ’ ਵਜੋਂ ਮਨਾਇਆ ਜਾਂਦਾ ਹੈ।

ਜੈਨ ਸਮਾਜ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਜੀਵ ਹਿੰਸਾ ਨਾ ਹੋਵੇ ਅਤੇ ਮਾਹੌਲ ਸ਼ਾਂਤ ਬਣਿਆ ਰਹੇ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਵੀ ਇਹ ਹੁਕਮ ਲਾਗੂ ਕਰਨ ਲਈ ਕਿਹਾ ਗਿਆ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਦਿਨ ਨੂੰ ਪੂਰੀ ਸ਼ਾਂਤੀ ਅਤੇ ਸਹਿਯੋਗ ਨਾਲ ਮਨਾਇਆ ਜਾਵੇ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।