ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵੱਲੋਂ ਪੂਰੇ ਸੂਬੇ ਵਿੱਚ ਬਿਜਲੀ ਬਿੱਲਾਂ ਦੇ ਪੁਰਾਣੇ ਸਿਸਟਮ ਨੂੰ ਖਤਮ ਕਰਕੇ ਨਵੀਂ ਤਕਨੀਕ ਅਧਾਰਿਤ ਬਿਲਿੰਗ ਪ੍ਰਣਾਲੀ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਨਵੇਂ ਸਿਸਟਮ ਨੂੰ ਅਮਲ ਵਿੱਚ ਲਿਆਂਦੇ ਜਾਣ ਲਈ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਪੂਰੀ ਸਰਗਰਮੀ ਨਾਲ ਕੰਮ ਕਰ ਰਹੇ ਹਨ।
ਨਵੀਂ ਬਿਲਿੰਗ ਪ੍ਰਣਾਲੀ ਤਹਿਤ ਸਾਰੇ ਮੌਜੂਦਾ ਖ਼ਪਤਕਾਰਾਂ ਦੇ ਪੁਰਾਣੇ ਖਾਤਾ ਨੰਬਰ ਬਦਲ ਕੇ ਨਵੇਂ ਖਾਤਾ ਨੰਬਰ ਜਾਰੀ ਕੀਤੇ ਗਏ ਹਨ। ਇਸ ਸਬੰਧ ਵਿੱਚ ਕਾਰਜਕਾਰੀ ਇੰਜੀਨੀਅਰ ਏਐਸਈ ਖਰੜ ਇੰਦਰਪ੍ਰੀਤ ਸਿੰਘ ਨੇ ਖ਼ਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਨਵੀਂ ਪੀਐਸਪੀਸੀਐਲ ਖ਼ਪਤਕਾਰ ਮੋਬਾਇਲ ਐਪ ਡਾਊਨਲੋਡ ਕਰਕੇ ਆਪਣੇ ਫ਼ੋਨ ਵਿੱਚ ਇੰਸਟਾਲ ਕਰਨ।
ਇਸ ਐਪ ਦੇ ਜ਼ਰੀਏ ਖ਼ਪਤਕਾਰ ਆਪਣਾ ਨਵਾਂ ਖਾਤਾ ਨੰਬਰ ਪ੍ਰਾਪਤ ਕਰ ਸਕਣਗੇ। ਜੇਕਰ ਲਾਗਇਨ ਸਮੇਂ ਖ਼ਪਤਕਾਰ ਕੋਲ ਪੁਰਾਣਾ ਖਾਤਾ ਨੰਬਰ ਮੌਜੂਦ ਹੈ ਤਾਂ ਉਹ ਦਰਜ ਕਰਨ ਨਾਲ ਹੀ ਸਿਸਟਮ ਪੁਰਾਣੀ ਐਪ ਤੋਂ ਸਾਰਾ ਡਾਟਾ ਆਪਣੇ ਆਪ ਲੈ ਲਵੇਗਾ। ਜੇ ਪੁਰਾਣਾ ਖਾਤਾ ਨੰਬਰ ਉਪਲਬਧ ਨਾ ਹੋਵੇ ਤਾਂ ਖ਼ਪਤਕਾਰ ਆਪਣੇ ਵੇਰਵੇ ਖੁਦ ਦਰਜ ਕਰ ਸਕਦੇ ਹਨ। ਬਿਜਲੀ ਬਿੱਲਾਂ ਦੀ ਅਦਾਇਗੀ, ਨਵੇਂ ਕੁਨੈਕਸ਼ਨ ਲਈ ਅਰਜ਼ੀ ਅਤੇ ਹੋਰ ਸੇਵਾਵਾਂ ਲੈਣ ਲਈ ਇਸ ਨਵੀਂ ਐਪ ਦੀ ਵਰਤੋਂ ਕਰਨਾ ਲਾਜ਼ਮੀ ਹੋਵੇਗਾ।
ਹਾਲਾਂਕਿ, ਇਸ ਤਬਦੀਲੀ ਦੌਰਾਨ ਖ਼ਪਤਕਾਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਤਰਾਂ ਮੁਤਾਬਕ ਨਵਾਂ ਸਿਸਟਮ ਲਾਗੂ ਕਰਨ ਤੋਂ ਪਹਿਲਾਂ ਪਾਵਰਕਾਮ ਦੇ ਅਧਿਕਾਰੀ ਕਾਗਜ਼ੀ ਕਾਰਵਾਈ ਵਿੱਚ ਲੰਮੇ ਸਮੇਂ ਤੋਂ ਲਟਕੇ ਮਾਮਲਿਆਂ ਨੂੰ ਨਿਬੇੜਿਆ ਹੋਇਆ ਦਿਖਾ ਰਹੇ ਹਨ। ਕਈ ਸਾਲ ਪਹਿਲਾਂ ਦਿੱਤੀਆਂ ਗਈਆਂ ਨਵੇਂ ਮੀਟਰਾਂ, ਲੋਡ ਵਧਾਉਣ ਅਤੇ ਹੋਰ ਸ਼ਿਕਾਇਤਾਂ ਦੀਆਂ ਅਰਜ਼ੀਆਂ ਫ਼ਾਈਲਾਂ ਵਿੱਚ ਤਾਂ ਹੱਲ ਦਰਸਾਈਆਂ ਜਾ ਰਹੀਆਂ ਹਨ, ਪਰ ਅਸਲ ਵਿੱਚ ਖ਼ਪਤਕਾਰਾਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਹਨ।




