ਪੰਜਾਬ ’ਚ ਸਬਸਿਡੀ ਵਾਲੀ ਯੂਰੀਆ ਖਾਦ ਦੀ ਦੁਰਵਰਤੋਂ ਦਾ ਪਰਦਾਫਾਸ਼, 4,000 ਥੈਲੇ ਜ਼ਬਤ; 2 ਗ੍ਰਿਫ਼ਤਾਰ
ਪੰਜਾਬ: ਖੇਤੀਬਾੜੀ ਵਿੱਚ ਵਰਤੀ ਜਾਣ ਵਾਲੀ ਯੂਰੀਆ ਖਾਦ ਦੀ ਗੈਰ-ਕਾਨੂੰਨੀ ਵਰਤੋਂ ਨੂੰ ਰੋਕਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਜੀਐੱਸਟੀ ਇੰਟੈਲੀਜੈਂਸ ਦੀਆਂ ਟੀਮਾਂ ਨੇ ਸਾਂਝੀ ਕਾਰਵਾਈ ਕੀਤੀ। ਇਸ ਦੌਰਾਨ ਬੱਲ ਕਲਾਂ, ਮਜੀਠਾ ਰੋਡ ’ਤੇ ਸਥਿਤ ਮ੍ਰਿਧੁਲ ਕੈਮੀਕਲਜ਼ ਦੇ ਕੰਪਲੈਕਸ ਵਿੱਚ ਛਾਪੇਮਾਰੀ ਕਰਕੇ ਯੂਰੀਆ ਖਾਦ ਦੇ ਲਗਭਗ 4,000 ਥੈਲੇ ਜ਼ਬਤ ਕੀਤੇ ਗਏ। ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਧਿਕਾਰੀਆਂ ਅਨੁਸਾਰ, ਜ਼ਬਤ ਕੀਤੀ ਗਈ ਯੂਰੀਆ ਖਾਦ ਹਿੰਦੁਸਤਾਨ ਫਰਟੀਲਾਈਜ਼ਰਜ਼ ਲਿਮਟਿਡ, ਰਾਸ਼ਟਰੀ ਕੈਮੀਕਲਜ਼ ਐਂਡ ਫਰਟੀਲਾਈਜ਼ਰਜ਼ ਲਿਮਟਿਡ ਅਤੇ ਕ੍ਰਿਭਕੋ ਫਰਟੀਲਾਈਜ਼ਰਜ਼ ਲਿਮਟਿਡ ਵੱਲੋਂ ਤਿਆਰ ਕੀਤੀ ਗਈ ਹੈ। ਛਾਪੇਮਾਰੀ ਦੌਰਾਨ ਜੀਐੱਸਟੀ ਇੰਟੈਲੀਜੈਂਸ ਦੀ ਟੀਮ ਨੇ ਸਬੰਧਤ ਉਦਯੋਗਿਕ ਇਕਾਈ ਦੇ ਦਫ਼ਤਰੀ ਰਿਕਾਰਡ ਦੀ ਵੀ ਜਾਂਚ ਕੀਤੀ ਅਤੇ ਲੋੜੀਂਦੇ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲੈ ਲਏ।
ਡੀਐੱਸਪੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਤੇ ਸਬੰਧਤ ਵਿਭਾਗਾਂ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਖਾਦ ਦੀ ਸਪਲਾਈ ਅਤੇ ਇਸ ਦੀ ਵਰਤੋਂ ਸਬੰਧੀ ਪੂਰੇ ਮਾਮਲੇ ਦਾ ਪਤਾ ਲਗਾਇਆ ਜਾ ਸਕੇ।
ਮੁੱਖ ਖੇਤੀਬਾੜੀ ਅਫ਼ਸਰ ਅਮਰਜੀਤ ਸਿੰਘ ਦੋਸਾਂਝ ਨੇ ਦੱਸਿਆ ਕਿ ਖੇਤੀਬਾੜੀ ਗ੍ਰੇਡ ਯੂਰੀਆ ਇੱਕ ਨਿਯਮਤ ਅਤੇ ਸਬਸਿਡੀਸ਼ੁਦਾ ਖਾਦ ਹੈ। ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਇਸ ’ਤੇ ਭਾਰੀ ਸਬਸਿਡੀ ਦਿੱਤੀ ਜਾਂਦੀ ਹੈ, ਇਸ ਲਈ ਇਸ ਦੀ ਵਰਤੋਂ ਖੇਤੀਬਾੜੀ ਦੇ ਕੰਮਾਂ ਲਈ ਹੀ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਜ਼ਬਤ ਕੀਤੀ ਗਈ ਖਾਦ ਦੇ ਨਮੂਨੇ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਨਮੂਨਿਆਂ ਦੀ ਜਾਂਚ ਅਤੇ ਵਿਭਾਗੀ ਜਾਂਚ ਤੋਂ ਬਾਅਦ ਮਾਮਲੇ ਸਬੰਧੀ ਹੋਰ ਤੱਥ ਸਾਹਮਣੇ ਆਉਣ ਦੀ ਉਮੀਦ ਹੈ।
ਇਸ ਸਾਂਝੀ ਕਾਰਵਾਈ ਦੌਰਾਨ ਜੀਐੱਸਟੀ ਇੰਟੈਲੀਜੈਂਸ ਦੀ ਟੀਮ ਦੇ ਗਗਨ ਬਹਿਲ, ਸੀਨੀਅਰ ਇੰਟੈਲੀਜੈਂਸ ਅਫ਼ਸਰ ਪ੍ਰਸ਼ਾਂਤ ਜੋਸ਼ੀ ਅਤੇ ਇੰਟੈਲੀਜੈਂਸ ਅਫ਼ਸਰ ਨਵਦੀਪ ਸਿੱਧੂ ਤੇ ਅਮਰਿੰਦਰ ਸਿੰਘ ਵੀ ਮੌਜੂਦ ਸਨ।







