ਪੰਜਾਬ ‘ਚ ਮੀਂਹ ਤੇ ਗੜ੍ਹੇਮਾਰੀ ਨੇ ਛੇੜੀ ਕੰਬਣੀ,ਕਢਵਾਈਆਂ ਜੈਕਟਾਂ!

ਜਲੰਧਰ : ਪੰਜਾਬ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਜਿੱਥੇ ਪਿਛਲੇ ਕੁਝ ਦਿਨਾਂ ਤੋਂ ਲੋਕ ਗਰਮੀ ਨਾਲ ਪਰੇਸ਼ਾਨ ਸਨ, ਉੱਥੇ ਹੁਣ ਮੁੜ ਠੰਡ ਦਾ ਅਹਿਸਾਸ ਹੋਣ ਲੱਗ ਪਿਆ ਹੈ। ਸੂਬੇ ਦੇ ਕਈ ਇਲਾਕਿਆਂ ਵਿੱਚ ਠੰਡੀਆਂ ਤੇ ਤੇਜ਼ ਹਵਾਵਾਂ ਚੱਲਣ ਕਾਰਨ ਮੌਸਮ ਕਾਫੀ ਠੰਡਾ ਹੋ ਗਿਆ ਹੈ। ਅੱਜ ਤੜਕੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਦਾ ਰੁਖ ਇਕਦਮ ਬਦਲ ਗਿਆ। ਪਹਿਲਾਂ ਹਲਕੀ ਬੂੰਦਾਬਾਂਦੀ ਹੋਈ ਅਤੇ ਬਾਅਦ ਵਿੱਚ ਮੀਂਹ ਦੇ ਨਾਲ ਗੜੇਮਾਰੀ ਵੀ ਹੋਈ, ਜਿਸ ਨਾਲ ਠੰਡ ਹੋਰ ਵਧ ਗਈ।

ਸਵੇਰ ਦੀ ਸ਼ੁਰੂਆਤ ਨਾਲ ਹੀ ਜਲੰਧਰ ਵਿੱਚ ਮੀਂਹ ਪਿਆ ਅਤੇ ਕਈ ਥਾਵਾਂ ‘ਤੇ ਗੜੇ ਵੀ ਪਏ, ਜਿਸ ਕਾਰਨ ਤਾਪਮਾਨ ਵਿੱਚ ਵੱਡੀ ਕਮੀ ਦਰਜ ਕੀਤੀ ਗਈ। ਭਾਵੇਂ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ ਪਰ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਸਮੇਂ ਖੇਤਾਂ ਵਿੱਚ ਕਣਕ ਦੀ ਫਸਲ ਆਖ਼ਰੀ ਪੜਾਅ ‘ਤੇ ਪੱਕ ਕੇ ਤਿਆਰ ਖੜੀ ਹੈ। ਅਜਿਹੇ ਵਿੱਚ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਫਸਲ ਡਿੱਗਣ ਦਾ ਖਤਰਾ ਬਣ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਤੋਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਅਸਮਾਨ ਬੱਦਲਾਂ ਨਾਲ ਢੱਕਿਆ ਹੋਇਆ ਹੈ। ਮੌਸਮ ਦੇ ਇਸ ਬਦਲਾਅ ਕਾਰਨ ਤਾਪਮਾਨ ਵਿੱਚ ਵੀ ਕਮੀ ਆਈ ਹੈ, ਜਿਸ ਨਾਲ ਲੋਕਾਂ ਨੂੰ ਮੁੜ ਠੰਡ ਮਹਿਸੂਸ ਹੋਣ ਲੱਗੀ ਹੈ। ਕਈ ਥਾਵਾਂ ‘ਤੇ ਗਰਜ-ਚਮਕ ਦੇ ਨਾਲ ਮੀਂਹ ਵੀ ਦਰਜ ਕੀਤਾ ਗਿਆ ਹੈ।