ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ‘ਤੇ ਬਿਜਲੀ ਸੋਧ ਐਕਟ ਦੇ ਵਿਰੋਧ ਵਿਚ ਕਿਸਾਨ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਵੱਖ-ਵੱਖ ਪਿੰਡਾਂ ਵਿੱਚ ਚਿੱਪ ਵਾਲੇ ਬਿਜਲੀ ਮੀਟਰ ਉਤਾਰ ਕੇ ਬਿਜਲੀ ਵਿਭਾਗ ਦੇ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਏ ਗਏ। ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਅਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ, ਜੋਨ ਆਗੂ ਗਣੇਸ਼ ਦੋਸਾਂਝ ਨੱਥੂਪੁਰੀਆਂ ਅਤੇ ਗੁਰਜੀਤ ਸਿੰਘ ਕੰਗ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜਥੇਬੰਦੀ ਦੀ ਟੀਮ ਨੇ ਪਿੰਡ ਅਬਦੁੱਲਾਪੁਰ, ਮਿਆਣੀ ਅਤੇ ਗੁਰੂ ਨਾਨਕ ਦਰਬਾਰ ਕਲੋਨੀ ਤੋਂ ਕਈ ਚਿੱਪ ਵਾਲੇ ਮੀਟਰ ਉਤਾਰ ਕੇ ਬਿਜਲੀ ਘਰ ਮਿਆਣੀ ਵਿਖੇ ਅਧਿਕਾਰੀਆਂ ਦੇ ਹਵਾਲੇ ਕੀਤੇ।
ਇਸ ਮੌਕੇ ਚਿੱਪ ਵਾਲੇ ਮੀਟਰਾਂ ਅਤੇ ਬਿਜਲੀ ਖੇਤਰ ਦੇ ਸੰਭਾਵਿਤ ਨਿੱਜੀਕਰਨ ਖ਼ਿਲਾਫ਼ ਤਿੱਖਾ ਵਿਰੋਧ ਦਰਜ ਕਰਵਾਇਆ ਗਿਆ। ਪਿੰਡ ਅਬਦੁੱਲਾਪੁਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਇਕਾਈ ਵੱਲੋਂ ਬਿਜਲੀ ਵਿਭਾਗ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਬਿਜਲੀ ਸੋਧ ਐਕਟ ਦੇ ਖ਼ਿਲਾਫ਼ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਰੋਸ ਸਭਾ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਨੇ ਕਿਹਾ ਕਿ ਚਿੱਪ ਵਾਲੇ ਮੀਟਰ ਲਗਾਉਣਾ ਕਿਸਾਨਾਂ ਅਤੇ ਗਰੀਬ ਮਜ਼ਦੂਰ ਵਰਗ ਦੇ ਅਧਿਕਾਰਾਂ ‘ਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਇਹ ਮੀਟਰ ਪ੍ਰੀਪੇਡ ਪ੍ਰਣਾਲੀ ਵੱਲ ਧੱਕਦੇ ਹਨ, ਜਿਸ ਨਾਲ ਬਿਜਲੀ ਮਹਿੰਗੀ ਹੋ ਜਾਵੇਗੀ ਅਤੇ ਖੇਤੀਬਾੜੀ ਦੇ ਕੰਮਾਂ ਲਈ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।
ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਜਲੀ ਖੇਤਰ ਨੂੰ ਨਿੱਜੀਕਰਨ ਵੱਲ ਲੈ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਬਿਜਲੀ ਸੋਧ ਐਕਟ ਲਾਗੂ ਹੋਣ ਨਾਲ ਮੁਫ਼ਤ ਜਾਂ ਸਸਤੀ ਬਿਜਲੀ ਦੀ ਸਹੂਲਤ ਖਤਮ ਹੋ ਜਾਵੇਗੀ, ਜਿਸ ਨਾਲ ਕਿਸਾਨਾਂ ਦੀ ਲਾਗਤ ਵਧੇਗੀ ਅਤੇ ਪਹਿਲਾਂ ਹੀ ਕਰਜ਼ੇ ਹੇਠ ਦੱਬੇ ਕਿਸਾਨ ਹੋਰ ਮੁਸੀਬਤ ਵਿੱਚ ਫਸ ਜਾਣਗੇ। ਇਸ ਤੋਂ ਇਲਾਵਾ ਬਿਜਲੀ ਵਿਭਾਗ ਵਿੱਚ ਸਰਕਾਰੀ ਭਰਤੀਆਂ ਵੀ ਬੰਦ ਹੋ ਜਾਣਗੀਆਂ।
ਸੰਘਰਸ਼ ਕਮੇਟੀ ਨੇ ਮੰਗ ਕੀਤੀ ਕਿ ਚਿੱਪ ਵਾਲੇ ਮੀਟਰ ਤੁਰੰਤ ਹਟਾਏ ਜਾਣ ਅਤੇ ਬਿਜਲੀ ਸੋਧ ਐਕਟ ਨੂੰ ਰੱਦ ਕਰਕੇ ਲੋਕ-ਹਿਤੀ ਨੀਤੀ ਤਿਆਰ ਕੀਤੀ ਜਾਵੇ। ਕਿਸਾਨਾਂ ਅਤੇ ਮਜ਼ਦੂਰਾਂ ਨੇ ਇਕਜੁਟਤਾ ਦਾ ਪ੍ਰਗਟਾਵਾ ਕਰਦੇ ਹੋਏ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਅਣਡਿੱਠਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੀਬਰ ਕੀਤਾ ਜਾਵੇਗਾ ਅਤੇ ਵੱਡੇ ਪੱਧਰ ‘ਤੇ ਅੰਦੋਲਨ ਛੇੜਿਆ ਜਾਵੇਗਾ। ਰੋਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਅਤੇ ਪਿੰਡ ਵਾਸੀ ਮੌਜੂਦ ਰਹੇ।






