ਪੰਜਾਬ ਦਾ ਮੌਸਮ ਹੁਣ ਕਾਫੀ ਬਦਲ ਚੁੱਕਾ ਹੈ ਅਤੇ ਸਵੇਰੇ ਤੇ ਸ਼ਾਮ ਦੇ ਸਮੇਂ ਹਲਕੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ ਦਸੰਬਰ ਤੋਂ ਸੂਬੇ ਵਿਚ ਸੀਤ ਲਹਿਰ ਦੀ ਸ਼ੁਰੂਆਤ ਹੋਣ ਦੀ ਸੰਭਾਵਨਾ ਹੈ, ਜਦਕਿ ਜਨਵਰੀ ਅਤੇ ਫ਼ਰਵਰੀ ਮਹੀਨਿਆਂ ਦੌਰਾਨ ਘਣੀ ਧੁੰਦ ਪੈ ਸਕਦੀ ਹੈ। ਇਸ ਲਈ ਲੋਕਾਂ ਨੂੰ ਹੁਣੇ ਤੋਂ ਹੀ ਤੀਖੀ ਠੰਡ ਲਈ ਤਿਆਰੀ ਕਰ ਲੈਣੀ ਚਾਹੀਦੀ ਹੈ। ਪਹਾੜੀ ਖੇਤਰਾਂ ਵਿੱਚ ਇਸ ਸਮੇਂ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਰਾਤ ਦੇ ਘੱਟੋ-ਘੱਟ ਤਾਪਮਾਨ ਵਿੱਚ ਲਗਭਗ 2 ਡਿਗਰੀ ਦੀ ਕਮੀ ਆ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਅਕਤੂਬਰ ਦੇ ਆਖਰੀ ਹਫ਼ਤੇ ਦੌਰਾਨ ਪੰਜਾਬ ਦੇ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 26 ਤੋਂ 30 ਡਿਗਰੀ ਸੈਲਸੀਅਸ, ਦੱਖਣ-ਪੱਛਮੀ ਖੇਤਰਾਂ ਵਿੱਚ 31 ਤੋਂ 32 ਡਿਗਰੀ ਸੈਲਸੀਅਸ ਅਤੇ ਹੋਰ ਖੇਤਰਾਂ ਵਿੱਚ 30 ਤੋਂ 32 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ।






