ਚੰਡੀਗੜ੍ਹ: ਪੰਜਾਬ ਵਿੱਚ ਮੌਸਮ ਨੇ ਅਚਾਨਕ ਰੁਖ ਬਦਲਿਆ ਹੈ, ਜਿਸ ਕਾਰਨ ਰਾਤਾਂ ਵਿੱਚ ਕੜੀ ਠੰਡ ਮਹਿਸੂਸ ਹੋਣ ਲੱਗੀ ਹੈ। ਪੰਜਾਬ ਅਤੇ ਚੰਡੀਗੜ੍ਹ ਵਿੱਚ ਰਾਤ ਦਾ ਪਾਰਾ ਪਹਿਲਾਂ ਨਾਲੋਂ ਕਾਫ਼ੀ ਘੱਟ ਹੋ ਗਿਆ ਹੈ। ਪਹਾੜੀ ਇਲਾਕਿਆਂ ਵਿੱਚ ਹੋ ਰਹੀ ਤਾਜ਼ਾ ਬਰਫ਼ਬਾਰੀ ਦਾ ਅਸਰ ਵੀ ਹੁਣ ਮੈਦਾਨੀ ਖੇਤਰਾਂ ਵਿੱਚ ਦੇਖਣ ਨੂੰ ਮਿਲੇਗਾ, ਜਿਸ ਕਰਕੇ ਰੋਜ਼ਾਨਾ ਤਾਪਮਾਨ ਵਿੱਚ 1-2 ਡਿਗਰੀ ਦੀ ਹੌਲੀ ਕਮੀ ਆ ਸਕਦੀ ਹੈ।
ਮੌਸਮ ਵਿਭਾਗ ਦੇ ਮੁਤਾਬਕ, ਕੁਝ ਇਲਾਕਿਆਂ ਵਿੱਚ ਹਲਕੀ ਧੁੰਦ ਵੀ ਦਰਜ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਨਵੰਬਰ ਦੇ ਅੰਤ ਜਾਂ ਦਸੰਬਰ ਦੀ ਸ਼ੁਰੂਆਤ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਏਅਰ ਕੁਆਲਿਟੀ ਵਿੱਚ ਸੁਧਾਰ ਆ ਸਕਦਾ ਹੈ। ਹਾਲਾਂਕਿ 27 ਨਵੰਬਰ ਤੱਕ ਮੌਸਮ ਖੁਸ਼ਕ ਰਹਿਣ ਦੇ ਅਸਾਰ ਹਨ ਅਤੇ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ।
28 ਨਵੰਬਰ ਤੋਂ ਮੌਸਮ ਵਿੱਚ ਵੱਡਾ ਬਦਲਾਅ ਹੋ ਸਕਦਾ ਹੈ, ਜਿੱਥੇ ਮੀਂਹ ਦੇ ਨਾਲ-ਨਾਲ ਕੋਹਰੇ ਦੀ ਤੀਬਰਤਾ ਵੀ ਵਧ ਸਕਦੀ ਹੈ। ਇਸ ਦੌਰਾਨ ਰਾਜ ਦੇ ਉੱਤਰ-ਪੱਛਮੀ ਜ਼ਿਲ੍ਹਿਆਂ—ਗੁਰਦਾਸਪੁਰ, ਪਠਾਣਕੋਟ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ—ਵਿੱਚ ਰਾਤ ਦਾ ਤਾਪਮਾਨ 4 ਤੋਂ 6 ਡਿਗਰੀ ਸੈਲਸੀਅਸ ਤੱਕ ਰਹੇਗਾ। ਬਾਕੀ ਜ਼ਿਲ੍ਹਿਆਂ ਵਿੱਚ ਇਹ ਪਾਰਾ 6 ਤੋਂ 8 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
ਜ਼ਿਆਦਾਤਰ ਖੇਤਰਾਂ ਵਿੱਚ ਤਾਪਮਾਨ ਆਮ ਨਾਲੋਂ ਘੱਟ ਰਹੇਗਾ, ਜਦਕਿ ਕੁਝ ਕੇਂਦਰੀ ਅਤੇ ਪੂਰਬੀ ਇਲਾਕਿਆਂ ਵਿੱਚ ਇਹ ਆਮ ਦੇ ਨੇੜੇ ਰਹੇਗਾ।





