ਪੈਂਟ-ਸ਼ਰਟ ਵਿੱਚ ਨਜ਼ਰ ਆਏ ਸੁਖਬੀਰ ਬਾਦਲ, ਯੂਥ ਨੂੰ ਖਿੱਚਣ ਲਈ ਬਦਲਿਆ ਅੰਦਾਜ਼

ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਨੇ ਨੌਜਵਾਨ ਵੋਟਰਾਂ, ਖ਼ਾਸ ਕਰਕੇ ਜੈੱਨ-ਜ਼ੀ (Gen-Z) ਨੂੰ ਆਪਣੇ ਨਾਲ ਜੋੜਨ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸਿਆਸੀ ਮਾਹਰਾਂ ਮੁਤਾਬਕ ਨੌਜਵਾਨ ਵਰਗ ਚੋਣੀ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਵਾਲਾ ਮਹੱਤਵਪੂਰਨ ਵੋਟ ਬੈਂਕ ਬਣ ਚੁੱਕਾ ਹੈ। ਇਸੇ ਕਰਕੇ ਕਈ ਆਗੂ ਰਵਾਇਤੀ ਸਿਆਸੀ ਅੰਦਾਜ਼ ਤੋਂ ਹਟ ਕੇ ਨੌਜਵਾਨਾਂ ਦੀ ਪਸੰਦ ਅਤੇ ਉਨ੍ਹਾਂ ਦੀ ਭਾਸ਼ਾ ਅਨੁਸਾਰ ਸੰਵਾਦ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਰੁਝਾਨ ਪੰਜਾਬ ਤੱਕ ਹੀ ਸੀਮਤ ਨਹੀਂ ਹੈ, ਸਗੋਂ ਕੌਮੀ ਰਾਜਨੀਤੀ ਵਿੱਚ ਵੀ ਇਸ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੋਸ਼ਲ ਮੀਡੀਆ ਅਤੇ ਸੈਲਫ਼ੀ ਕੈਮਰੇ ਰਾਹੀਂ ਨੌਜਵਾਨਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਕਾਂਗਰਸ ਆਗੂ ਰਾਹੁਲ ਗਾਂਧੀ ਵੀ ਵੱਖ-ਵੱਖ ਥਾਵਾਂ ’ਤੇ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਸਿੱਧਾ ਸੰਵਾਦ ਕਰਦੇ ਨਜ਼ਰ ਆ ਰਹੇ ਹਨ।

ਸੁਖਬੀਰ ਬਾਦਲ ਦਾ ਬਦਲਿਆ ਰੂਪ

ਇਸੇ ਕੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਗਾ ਦੇ ਗੁਰੂ ਨਾਨਕ ਕਾਲਜ ਵਿੱਚ ‘ਵਾਈਬ ਪੰਜਾਬ ਦੀ’ ਪ੍ਰੋਗਰਾਮ ਦੌਰਾਨ ਜੈੱਨ-ਜ਼ੀ ਵੋਟਰਾਂ ਨਾਲ ਮੁਲਾਕਾਤ ਕੀਤੀ। ਖ਼ਾਸ ਗੱਲ ਇਹ ਰਹੀ ਕਿ ਆਮ ਤੌਰ ’ਤੇ ਕੁੜਤਾ-ਪਜਾਮੇ ਵਿੱਚ ਨਜ਼ਰ ਆਉਣ ਵਾਲੇ ਸੁਖਬੀਰ ਬਾਦਲ ਇਸ ਵਾਰ ਪੈਂਟ-ਸ਼ਰਟ ਪਹਿਨ ਕੇ ਵਿਦਿਆਰਥੀਆਂ ਵਿਚਕਾਰ ਪਹੁੰਚੇ। ਉਨ੍ਹਾਂ ਦਾ ਇਹ ਨਵਾਂ ਲੁੱਕ ਪ੍ਰੋਗਰਾਮ ਦੌਰਾਨ ਚਰਚਾ ਦਾ ਵਿਸ਼ਾ ਬਣਿਆ।

ਪ੍ਰੋਗਰਾਮ ਵਿੱਚ ਉਨ੍ਹਾਂ ਦੀ ਐਂਟਰੀ ‘ਧੁਰੰਦਰ’ ਗੀਤ ਨਾਲ ਕੀਤੀ ਗਈ ਅਤੇ ਉਨ੍ਹਾਂ ਨੂੰ ‘ਪੰਜਾਬ ਦੇ ਧੁਰੰਦਰ’ ਵਜੋਂ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨਾਲ ਸਵਾਲ-ਜਵਾਬ ਦੌਰਾਨ ਸੁਖਬੀਰ ਬਾਦਲ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ 3 ਤੋਂ 4 ਘੰਟੇ ਯੂਟਿਊਬ ਅਤੇ ਇੰਸਟਾਗ੍ਰਾਮ ’ਤੇ ਬਿਤਾਉਂਦੇ ਹਨ ਅਤੇ ਇਸ ਗੱਲ ਨੂੰ ਲੈ ਕੇ ਕਈ ਵਾਰ ਘਰ ਵਿੱਚ ਵੀ ਤਕਰਾਰ ਹੋ ਜਾਂਦੀ ਹੈ।

ਉਨ੍ਹਾਂ ਆਪਣੇ ਖੇਤੀਬਾੜੀ ਅਤੇ ਪਾਲਤੂ ਜਾਨਵਰਾਂ ਨਾਲ ਜੁੜੇ ਸ਼ੌਕ ਬਾਰੇ ਵੀ ਦੱਸਿਆ। ਉਨ੍ਹਾਂ ਮੁਤਾਬਕ ਉਨ੍ਹਾਂ ਕੋਲ ਵੱਖ-ਵੱਖ ਕਿਸਮਾਂ ਦੇ 60 ਤੋਂ 70 ਮੁਰਗੇ ਅਤੇ ਦੁਨੀਆ ਦੇ ਸਭ ਤੋਂ ਛੋਟੇ ਘੋੜੇ ਵੀ ਹਨ। ਵਿਦਿਆਰਥੀਆਂ ਨਾਲ ਗੱਲਬਾਤ ਨੂੰ ਹੋਰ ਦਿਲਚਸਪ ਬਣਾਉਣ ਲਈ ਸਵਾਲ ਪੁੱਛਣ ਦੀ ਪ੍ਰਕਿਰਿਆ ਵੀ ਵੱਖਰੇ ਢੰਗ ਨਾਲ ਰੱਖੀ ਗਈ ਸੀ। ਵਿਦਿਆਰਥੀਆਂ ਦੇ ਨਾਮ ਪਰਚੀਆਂ ’ਤੇ ਲਿਖ ਕੇ ਇੱਕ ਪੇਟੀ ਵਿੱਚ ਪਾਏ ਗਏ ਅਤੇ ਜਿਸ ਦੀ ਪਰਚੀ ਨਿਕਲਦੀ, ਉਹ ਵਿਦਿਆਰਥੀ ਸਵਾਲ ਪੁੱਛਦਾ ਸੀ।

ਬਿਜਲੀ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਸੁਖਬੀਰ ਬਾਦਲ ਨੇ ਹਲਕੇ-ਫੁਲਕੇ ਅੰਦਾਜ਼ ਵਿੱਚ ਕਿਹਾ ਕਿ ਉਨ੍ਹਾਂ ਦੇ ਘਰ ਵੀ ਕਦੇ-ਕਦੇ ਬਿਜਲੀ ਚਲੀ ਜਾਂਦੀ ਹੈ, ਹਾਲਾਂਕਿ ਉੱਥੇ ਜਨਰੇਟਰ ਦੀ ਸਹੂਲਤ ਮੌਜੂਦ ਹੈ। ਇਸ ਦੇ ਨਾਲ ਹੀ ਉਨ੍ਹਾਂ ਅਕਾਲੀ ਦਲ ਦੀ ਪਿਛਲੀ ਸਰਕਾਰ ਦੌਰਾਨ ਪੰਜਾਬ ਵਿੱਚ ਬਿਜਲੀ ਸਰਪਲੱਸ ਹੋਣ ਦਾ ਦਾਅਵਾ ਵੀ ਦੁਹਰਾਇਆ।

ਸੁਖਬੀਰ ਬਾਦਲ ਨੇ ਆਪਣੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਕਿਹਾ ਕਿ ਲੋਕ ਅਕਸਰ ਉਨ੍ਹਾਂ ਵਰਗਾ ਬਣਨ ਦੀ ਉਮੀਦ ਕਰਦੇ ਹਨ, ਪਰ ਉਨ੍ਹਾਂ ਦੀ ਕੰਮ ਪ੍ਰਤੀ ਵਚਨਬੱਧਤਾ ਅਤੇ ਸਮਰਪਣ ਦਾ ਪੱਧਰ ਬਹੁਤ ਉੱਚਾ ਸੀ। ਉਨ੍ਹਾਂ ਆਪਣੇ ਸਕੂਲੀ ਦਿਨਾਂ ਦੀ ਗੱਲ ਕਰਦਿਆਂ ਇਹ ਵੀ ਦੱਸਿਆ ਕਿ ਉਹ ਭੰਗੜਾ ਟੀਮ ਦੇ ਕੈਪਟਨ ਰਹਿ ਚੁੱਕੇ ਹਨ।

ਨੌਜਵਾਨਾਂ ਲਈ ਮੁਫ਼ਤ ਸਿੱਖਿਆ ਤੋਂ ਲੈ ਕੇ ਕਰਜ਼ਿਆਂ ਤੱਕ ਦੇ ਵਾਅਦੇ

ਜੈੱਨ-ਜ਼ੀ ਵੋਟਰਾਂ ਨੂੰ ਆਪਣੇ ਨਾਲ ਜੋੜਨ ਲਈ ਸੁਖਬੀਰ ਬਾਦਲ ਨੇ ਕਈ ਐਲਾਨ ਵੀ ਕੀਤੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸੂਬੇ ਵਿੱਚ ਸਿੱਖਿਆ ਮੁਫ਼ਤ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਪੰਜਾਬ ਦੇ ਵਿਦਿਆਰਥੀਆਂ ਲਈ ਸੀਟਾਂ ਰਾਖਵੀਆਂ ਕੀਤੀਆਂ ਜਾਣਗੀਆਂ ਅਤੇ ਇਸ ਦਾ ਖਰਚਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ।

ਉਨ੍ਹਾਂ ਸੂਬੇ ਦੇ ਹਰੇਕ ਵਸਨੀਕ ਨੂੰ 25 ਲੱਖ ਰੁਪਏ ਤੱਕ ਦਾ ਮੁਫ਼ਤ ਮੈਡੀਕਲ ਬੀਮਾ ਦੇਣ ਦਾ ਵੀ ਵਾਅਦਾ ਕੀਤਾ। ਨਸ਼ਾ ਤਸਕਰੀ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਸਰਕਾਰ ਬਣਨ ’ਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਸਖ਼ਤ ਫ਼ੈਸਲੇ ਲਏ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਨਸ਼ਾ ਤਸਕਰੀ ਵਿੱਚ ਫੜੇ ਗਏ ਵਿਅਕਤੀਆਂ ਲਈ 10 ਸਾਲ ਤੱਕ ਜ਼ਮਾਨਤ ਨਾ ਮਿਲਣ ਅਤੇ ਪਰਿਵਾਰ ਦੀ ਜਾਇਦਾਦ ਜ਼ਬਤ ਕਰਨ ਵਰਗੇ ਪ੍ਰਬੰਧ ਕੀਤੇ ਜਾਣਗੇ।

ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਅਤੇ ਕਾਰੋਬਾਰ ਵੱਲ ਉਤਸ਼ਾਹਿਤ ਕਰਨ ਲਈ 10 ਲੱਖ ਰੁਪਏ ਤੱਕ ਦੇ ਵਿਆਜ-ਮੁਕਤ ਕਰਜ਼ੇ ਦੇਣ ਅਤੇ ਖੇਤੀਬਾੜੀ ਨਾਲ ਸਬੰਧਤ ਯੋਜਨਾਵਾਂ ’ਤੇ 75 ਫ਼ੀਸਦੀ ਤੱਕ ਸਬਸਿਡੀ ਦੇਣ ਦਾ ਵੀ ਐਲਾਨ ਕੀਤਾ ਗਿਆ।

ਇਸ ਦੌਰਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਨਿਸ਼ਾਨੇ ’ਤੇ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਮੁੱਖ ਮੰਤਰੀ ਵੱਲੋਂ ਮਸ਼ਹੂਰੀ ਅਤੇ ਹੋਰਡਿੰਗਾਂ ’ਤੇ 500 ਕਰੋੜ ਰੁਪਏ ਖਰਚ ਕੀਤੇ ਗਏ ਹਨ।

ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਜੈੱਨ-ਜ਼ੀ ਵੋਟਰਾਂ ਦੀ ਭੂਮਿਕਾ ਅਹਿਮ ਰਹਿ ਸਕਦੀ ਹੈ। ਇਸ ਲਈ ਸਿਆਸੀ ਪਾਰਟੀਆਂ ਹੁਣ ਨੌਜਵਾਨਾਂ ਦੀਆਂ ਤਰਜੀਹਾਂ, ਉਨ੍ਹਾਂ ਦੀ ਭਾਸ਼ਾ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਰਣਨੀਤੀ ਤਿਆਰ ਕਰ ਰਹੀਆਂ ਹਨ। ਸੁਖਬੀਰ ਬਾਦਲ ਦਾ ਬਦਲਿਆ ਪਹਿਰਾਵਾ ਅਤੇ ਨੌਜਵਾਨਾਂ ਨਾਲ ਸਿੱਧਾ ਸੰਵਾਦ ਵੀ ਇਸੇ ਬਦਲ ਰਹੇ ਸਿਆਸੀ ਅੰਦਾਜ਼ ਦਾ ਹਿੱਸਾ ਮੰਨਿਆ ਜਾ ਰਿਹਾ ਹੈ।