ਗੁਆਂਢੀ ਦੇਸ਼ ਪਾਕਿਸਤਾਨ ਤੋਂ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਨਨਕਾਣਾ ਸਾਹਿਬ ਜ਼ਿਲ੍ਹੇ ਵਿੱਚ ਸਰਬਜੀਤ ਕੌਰ, ਜਿਸ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਆਪਣਾ ਨਾਮ ਨੂਰ ਹੁਸੈਨ ਰੱਖ ਲਿਆ ਸੀ, ਨੂੰ ਉਸ ਦੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਸਰਬਜੀਤ ਕੌਰ ਨੂੰ ਪਾਕਿਸਤਾਨ ਤੋਂ ਡਿਪੋਰਟ ਕਰਨ ਲਈ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਪ੍ਰਧਾਨ ਅਤੇ ਪੰਜਾਬ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਵੱਲੋਂ ਜਾਰੀ ਬਿਆਨ ਅਨੁਸਾਰ, ਇਹ ਗ੍ਰਿਫ਼ਤਾਰੀ ਖੁਫੀਆ ਸੂਚਨਾ ਦੇ ਆਧਾਰ ’ਤੇ ਕੀਤੀ ਗਈ। ਇੰਟੈਲੀਜੈਂਸ ਬਿਊਰੋ ਡਿਵੀਜ਼ਨ ਦੀ ਟੀਮ ਨੇ ਨਨਕਾਣਾ ਸਾਹਿਬ ਦੇ ਪਿੰਡ ਪਹੇੜੇ ਵਾਲੀ ਵਿੱਚ ਛਾਪੇਮਾਰੀ ਕਰਕੇ ਦੋਵੇਂ ਨੂੰ ਕਾਬੂ ਕੀਤਾ।
ਗੌਰਤਲਬ ਹੈ ਕਿ ਕਪੂਰਥਲਾ (ਪੰਜਾਬ) ਦੀ ਰਹਿਣ ਵਾਲੀ ਸਰਬਜੀਤ ਕੌਰ 4 ਨਵੰਬਰ 2025 ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਜਥੇ ਨਾਲ ਪਾਕਿਸਤਾਨ ਗਈ ਸੀ। ਦੌਰੇ ਦੌਰਾਨ ਉਹ ਜਥੇ ਤੋਂ ਵੱਖ ਹੋ ਗਈ ਅਤੇ ਧਰਮ ਪਰਿਵਰਤਨ ਕਰਨ ਤੋਂ ਬਾਅਦ 5 ਨਵੰਬਰ ਨੂੰ ਨਾਸਿਰ ਹੁਸੈਨ ਨਾਲ ਨਿਕਾਹ ਕਰ ਲਿਆ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦੋਵੇਂ ਸਾਲ 2016 ਤੋਂ ਟਿਕਟੌਕ ਰਾਹੀਂ ਇਕ-ਦੂਜੇ ਨਾਲ ਸੰਪਰਕ ਵਿੱਚ ਸਨ।






