ਨੇਪਾਲ ’ਚ ਹੜ੍ਹਾਂ ਤੇ ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ, 675 ਲਾਸ਼ਾਂ ਮਿਲੀਆਂ; 2,498 ਲੋਕ ਲਾਪਤਾ
ਨੇਪਾਲ ਦੀ ਰਾਸ਼ਟਰੀ ਆਫ਼ਤ ਜੋਖਮ ਘਟਾਉਣ ਅਤੇ ਪ੍ਰਬੰਧਨ ਅਥਾਰਟੀ (NDRRMA) ਮੁਤਾਬਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਖੇਤਰਾਂ ਵਿੱਚੋਂ ਹੁਣ ਤੱਕ 675 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ 2,498 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਇਸੇ ਦੌਰਾਨ ਨੇਪਾਲ ਦੇ ਸੈਰ-ਸਪਾਟਾ ਵਿਭਾਗ ਮੁਤਾਬਕ ਸ਼ਨੀਵਾਰ ਸ਼ਾਮ 5:30 ਵਜੇ ਤੱਕ 753 ਸੈਲਾਨੀਆਂ ਨਾਲ ਸੰਪਰਕ ਨਹੀਂ ਹੋ ਸਕਿਆ, ਜਿਨ੍ਹਾਂ ਵਿੱਚ 589 ਵਿਦੇਸ਼ੀ ਨਾਗਰਿਕ ਸ਼ਾਮਲ ਹਨ।
ਸ਼ਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਕਾਠਮੰਡੂ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਨੇ ਸ਼ਨੀਵਾਰ ਨੂੰ ਐਮਰਜੈਂਸੀ ਨੋਟਿਸ ਜਾਰੀ ਕਰਕੇ ਵੱਖ-ਵੱਖ ਸੰਸਥਾਵਾਂ, ਕੰਪਨੀਆਂ ਅਤੇ ਲੋਕਾਂ ਨੂੰ ਰਾਸੁਵਾ, ਨੁਵਾਕੋਟ ਅਤੇ ਧਾਡਿੰਗ ਜ਼ਿਲ੍ਹਿਆਂ ਦੇ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।
ਭੋਟੇ ਕੋਸ਼ੀ ਨਦੀ ਦੇ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਆਏ ਹੜ੍ਹਾਂ ਨੇ ਕਈ ਇਲਾਕਿਆਂ ਵਿੱਚ ਭਾਰੀ ਨੁਕਸਾਨ ਕੀਤਾ ਹੈ। ਆਫ਼ਤ ਕਾਰਨ ਜਾਨੀ ਨੁਕਸਾਨ ਤੋਂ ਇਲਾਵਾ ਪਣ-ਬਿਜਲੀ ਪ੍ਰੋਜੈਕਟਾਂ, ਸੜਕਾਂ, ਪੁਲਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ।
ਭਾਰਤ ਵੱਲੋਂ ਰਾਹਤ ਦੀ ਚੌਥੀ ਖੇਪ ਰਵਾਨਾ
ਇਸ ਦੌਰਾਨ ਭਾਰਤ ਨੇ ਨੇਪਾਲ ਲਈ ਰਾਹਤ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਲਈ ਆਪਣੀ ਸਹਾਇਤਾ ਜਾਰੀ ਰੱਖੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੱਸਿਆ ਕਿ ਭਾਰਤ ਵੱਲੋਂ 11 ਟਨ ਵਾਧੂ ਰਾਹਤ ਸਮੱਗਰੀ ਲੈ ਕੇ ਚੌਥੀ ਉਡਾਣ ਨੇਪਾਲ ਲਈ ਰਵਾਨਾ ਕੀਤੀ ਗਈ ਹੈ। ਭਾਰਤੀ ਹਵਾਈ ਸੈਨਾ ਦੇ ਸੀ-130 ਜਹਾਜ਼ ਰਾਹੀਂ ਭੇਜੀ ਗਈ ਇਸ ਖੇਪ ਵਿੱਚ ਰਾਹਤ ਸਮੱਗਰੀ ਦੇ ਨਾਲ ਸੁਰੰਗ ਮਾਹਿਰਾਂ ਦੀ ਤਕਨੀਕੀ ਟੀਮ ਅਤੇ ਖੋਜ ਤੇ ਬਚਾਅ ਕਾਰਜਾਂ ਲਈ ਲੋੜੀਂਦੇ ਉਪਕਰਣ ਵੀ ਸ਼ਾਮਲ ਹਨ।
ਜੈਸ਼ੰਕਰ ਨੇ ਦੱਸਿਆ ਕਿ ਡੀਐੱਨਏ ਜਾਂਚ ਲਈ ਫੋਰੈਂਸਿਕ ਮਾਹਿਰਾਂ ਅਤੇ ਜ਼ਰੂਰੀ ਉਪਕਰਣਾਂ ਦੀ ਟੀਮ ਵੀ ਨੇਪਾਲ ਭੇਜੀ ਗਈ ਹੈ। ਰਾਹਤ ਸਮੱਗਰੀ ਵਿੱਚ ਕੰਬਲ, ਸਲੀਪਿੰਗ ਬੈਗ, ਤਰਪਾਲਾਂ, ਪਲਾਸਟਿਕ ਸ਼ੀਟਾਂ ਅਤੇ ਸਫਾਈ ਕਿੱਟਾਂ ਸ਼ਾਮਲ ਹਨ।
ਉਨ੍ਹਾਂ ਮੁਤਾਬਕ 230 ਫੁੱਟ ਲੰਬੇ ਸਿੰਗਲ-ਲੇਨ ਮਾਡਿਊਲਰ ਸਟੀਲ ਪੁਲ ਦੀ ਉਸਾਰੀ ਲਈ ਲੋੜੀਂਦਾ ਸਾਮਾਨ ਲੈ ਕੇ 16 ਟਰੱਕ ਪਹਿਲਾਂ ਹੀ ਨੇਪਾਲ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ ਸੱਤ ਹੋਰ ਬੇਲੀ ਪੁਲਾਂ ਦੀ ਸਥਾਪਨਾ ਲਈ ਜ਼ਰੂਰੀ ਉਪਕਰਣ ਵੀ ਭੇਜੇ ਜਾਣਗੇ ਅਤੇ ਇਨ੍ਹਾਂ ਨੂੰ ਲਗਾਉਣ ਵਾਲੀਆਂ ਤਕਨੀਕੀ ਟੀਮਾਂ ਵੀ ਜਲਦ ਨੇਪਾਲ ਪਹੁੰਚਣਗੀਆਂ।
ਭਾਰਤ ਵੱਲੋਂ ਹੁਣ ਤੱਕ ਹਵਾਈ ਜਹਾਜ਼ਾਂ ਰਾਹੀਂ 68.5 ਟਨ ਰਾਹਤ ਸਮੱਗਰੀ ਕਾਠਮੰਡੂ ਪਹੁੰਚਾਈ ਜਾ ਚੁੱਕੀ ਹੈ। ਇਸ ਵਿੱਚ ਜ਼ਰੂਰੀ ਦਵਾਈਆਂ, ਪੋਰਟੇਬਲ ਜਨਰੇਟਰ, ਭੋਜਨ ਪੈਕਟ, ਪਾਣੀ ਸਾਫ਼ ਕਰਨ ਵਾਲੀਆਂ ਗੋਲੀਆਂ ਅਤੇ ਹੋਰ ਤਕਨੀਕੀ ਸਾਜ਼ੋ-ਸਾਮਾਨ ਸ਼ਾਮਲ ਹਨ।
ਵਿਦੇਸ਼ ਮੰਤਰਾਲੇ ਮੁਤਾਬਕ ਭਾਰਤੀ ਹਵਾਈ ਸੈਨਾ ਦਾ ਇੱਕ ਸੀ-130ਜੇ ਹਰਕਿਊਲਿਸ ਜਹਾਜ਼ ਵੀ ਬੁੱਧਵਾਰ ਨੂੰ 10 ਟਨ ਐਮਰਜੈਂਸੀ ਰਾਹਤ ਸਮੱਗਰੀ ਲੈ ਕੇ ਨੇਪਾਲ ਪਹੁੰਚਿਆ ਸੀ। ਇਸ ਖੇਪ ਵਿੱਚ ਅਸਥਾਈ ਆਸਰਾ ਸਮੱਗਰੀ, ਕੰਬਲ, ਸਫਾਈ ਕਿੱਟਾਂ, ਸੋਲਰ ਲੈਂਪ ਅਤੇ ਦਵਾਈਆਂ ਸ਼ਾਮਲ ਸਨ। ਭਾਰਤ ਨੇ ਨੇਪਾਲ ਦੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਹਰ ਸੰਭਵ ਸਹਿਯੋਗ ਜਾਰੀ ਰੱਖਣ ਦਾ ਭਰੋਸਾ ਦਿੱਤਾ ਹੈ।







