ਦੋ ਸਕੇ ਭਰਾਵਾਂ ਨੇ ਲਾਏ ਪੁਲੀਸ ਤਸ਼ੱਦਦ ਦੇ ਦੋਸ਼, ਕੌਮੀ SC ਕਮਿਸ਼ਨ ਕੋਲ ਪਹੁੰਚੀ ਸ਼ਿਕਾਇਤ

ਨਾਭਾ: ਦੋ ਦਲਿਤ ਭਰਾਵਾਂ ਵੱਲੋਂ ਪੁਲੀਸ ’ਤੇ ਤਸ਼ੱਦਦ ਦੇ ਦੋਸ਼, ਕੌਮੀ ਐੱਸ.ਸੀ. ਕਮਿਸ਼ਨ ਕੋਲ ਸ਼ਿਕਾਇਤ

ਨਾਭਾ: ਪਿੰਡ ਕਕਰਾਲਾ ਦੇ ਦੋ ਦਲਿਤ ਸਕੇ ਭਰਾਵਾਂ ਨੇ ਛੀਂਟਾਵਾਲਾ ਪੁਲੀਸ ਚੌਕੀ ਦੀ ਪੁਲੀਸ ’ਤੇ ਕਥਿਤ ਤਸ਼ੱਦਦ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ ਕੌਮੀ ਐੱਸ.ਸੀ. ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ। ਦੋਵਾਂ ਭਰਾਵਾਂ ਦਾ ਕਹਿਣਾ ਹੈ ਕਿ ਚੋਰੀ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਉਨ੍ਹਾਂ ਨੂੰ ਥਾਣੇ ਲਿਜਾਇਆ ਗਿਆ, ਜਿੱਥੇ ਕਥਿਤ ਤੌਰ ’ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਕਰੰਟ ਲਗਾਇਆ ਗਿਆ।

ਸ਼ਿਕਾਇਤ ਮੁਤਾਬਕ ਪਿੰਡ ਦੇ ਬਘੇਲ ਸਿੰਘ ਵੱਲੋਂ 24 ਅਗਸਤ ਨੂੰ ਚੋਰੀ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਦੋਵੇਂ ਭਰਾ ਉਸਦੇ ਘਰ ਰਾਜਗੀਰੀ ਦਾ ਕੰਮ ਕਰ ਰਹੇ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਪੁਲੀਸ ਨੇ ਕਿਸੇ ਮੁੱਢਲੇ ਸਬੂਤ ਤੋਂ ਬਿਨਾਂ ਉਨ੍ਹਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਅਤੇ ਕਥਿਤ ਤੌਰ ’ਤੇ ਜੁਰਮ ਕਬੂਲ ਕਰਵਾਉਣ ਲਈ ਤਸ਼ੱਦਦ ਕੀਤਾ।

1 ਸਤੰਬਰ ਨੂੰ ਕੌਮੀ ਐੱਸ.ਸੀ. ਕਮਿਸ਼ਨ ਨੂੰ ਭੇਜੀ ਅਰਜ਼ੀ ਵਿੱਚ ਪੀੜਤਾਂ ਨੇ ਮਾਮਲੇ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਘਰ ਅਤੇ ਪੁਲੀਸ ਚੌਕੀ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ, ਪੁਲੀਸ ਰੋਜ਼ਨਾਮਚੇ ਅਤੇ ਹਿਰਾਸਤ ਸਬੰਧੀ ਰਿਕਾਰਡ ਨੂੰ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦੇਣ ਦੀ ਵੀ ਅਪੀਲ ਕੀਤੀ ਹੈ।

ਪੰਜਾਬ ਭਾਜਪਾ ਐੱਸ.ਸੀ. ਮੋਰਚਾ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਮਾਮਲੇ ਦੀ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਕਿਸੇ ਵੀ ਮਾਮਲੇ ਦੀ ਜਾਂਚ ਕੁੱਟਮਾਰ ਦੀ ਬਜਾਏ ਕਾਨੂੰਨੀ ਅਤੇ ਵਿਗਿਆਨਕ ਤਰੀਕੇ ਨਾਲ ਕਰਨੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੀੜਤਾਂ ਦੇ ਪੈਰਾਂ ’ਤੇ ਸੋਜ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਨਿਸ਼ਾਨ ਤਸ਼ੱਦਦ ਵੱਲ ਇਸ਼ਾਰਾ ਕਰਦੇ ਹਨ। ਪਰਿਵਾਰ ਵੱਲੋਂ ਛਾਤੀ ਅਤੇ ਕੰਨ ’ਤੇ ਕਥਿਤ ਤੌਰ ’ਤੇ ਕਰੰਟ ਲਗਾਉਣ ਦੇ ਦੋਸ਼ ਵੀ ਲਾਏ ਗਏ ਹਨ।

ਪੁਲੀਸ ਨੇ ਦੋਸ਼ਾਂ ਨੂੰ ਨਕਾਰਿਆ

ਦੂਜੇ ਪਾਸੇ ਛੀਂਟਾਵਾਲਾ ਪੁਲੀਸ ਚੌਕੀ ਦੇ ਇੰਚਾਰਜ ਚਮਕੌਰ ਸਿੰਘ ਨੇ ਪੁਲੀਸ ਤਸ਼ੱਦਦ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਹ ਸ਼ਿਕਾਇਤ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਭਰਾਵਾਂ ਤੋਂ ਕੁਝ ਦਿਨ ਪਹਿਲਾਂ ਸਿਰਫ਼ ਚੋਰੀ ਦੇ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ ਸੀ।

ਚੌਕੀ ਇੰਚਾਰਜ ਮੁਤਾਬਕ ਸੀ.ਸੀ.ਟੀ.ਵੀ. ਫੁਟੇਜ ਵਿੱਚ ਸਾਹਮਣੇ ਆਇਆ ਹੈ ਕਿ ਕੰਮ ਖ਼ਤਮ ਕਰਨ ਤੋਂ ਬਾਅਦ ਇੱਕ ਭਰਾ ਘਰ ਦਾ ਛੋਟਾ ਗੇਟ ਖੁੱਲ੍ਹਾ ਛੱਡ ਗਿਆ ਸੀ, ਜਿਸ ਰਾਹੀਂ ਕਥਿਤ ਤੌਰ ’ਤੇ ਚੋਰ ਰਾਤ ਸਮੇਂ ਅੰਦਰ ਦਾਖ਼ਲ ਹੋਏ ਅਤੇ ਸੋਨਾ ਚੋਰੀ ਕਰਕੇ ਲੈ ਗਏ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਠੋਸ ਸਬੂਤ ਸਾਹਮਣੇ ਆਉਣ ਤੋਂ ਬਾਅਦ ਹੀ ਕਾਨੂੰਨ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।