ਅਮਿਤ ਸ਼ਾਹ ਦੇ ਦੌਰੇ ਦਾ ਵਿਰੋਧ ਮੇਰੇ ਲਈ ਨਿੱਜੀ ਅਪਮਾਨ ਹੋਵੇਗਾ: ਭੀਮ ਸਿੰਘ
ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜੇ ਮਰਹੂਮ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਅਤੇ ਸਾਬਕਾ ਫ਼ੌਜੀ ਭੀਮ ਸਿੰਘ ਨੇ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦੌਰਾਨ ਜੇਕਰ ਉਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਹੈ, ਤਾਂ ਉਹ ਇਸ ਨੂੰ ਆਪਣਾ ਨਿੱਜੀ ਅਪਮਾਨ ਮੰਨਣਗੇ। ਉਨ੍ਹਾਂ ਨੂੰ ਉਮੀਦ ਹੈ ਕਿ ਅਮਿਤ ਸ਼ਾਹ ਦੀ ਦਖ਼ਲਅੰਦਾਜ਼ੀ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਮਿਲ ਸਕੇਗਾ।
72 ਸਾਲਾ ਭੀਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀਆਂ ਸਰਹੱਦਾਂ ’ਤੇ ਸੇਵਾ ਨਿਭਾਈ ਹੈ ਅਤੇ ਉਹ ਇੱਕ ਸਾਬਕਾ ਫ਼ੌਜੀ ਹਨ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਹੋਰ ਸਾਰੇ ਆਗੂਆਂ ਦਾ ਸਵਾਗਤ ਹੈ, ਪਰ ਉਹ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਆਉਣ। ਉਨ੍ਹਾਂ ਮੁਤਾਬਕ, ਅਮਿਤ ਸ਼ਾਹ ਦਾ ਵਿਰੋਧ ਕਰਨਾ ਨਾ ਸਿਰਫ਼ ਉਨ੍ਹਾਂ ਲਈ, ਸਗੋਂ ਮਰਹੂਮ ਪਰਵਿੰਦਰ ਸਿੰਘ ਝੋਟਾ ਦੀ ਯਾਦ ਦਾ ਵੀ ਅਪਮਾਨ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਢਿੱਲੋਂ ਨੇ ਜਦੋਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ, ਤਾਂ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਹੋਇਆ ਸੀ।
ਭੀਮ ਸਿੰਘ ਨੇ ਉਮੀਦ ਪ੍ਰਗਟਾਈ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਦਖ਼ਲ ਨਾਲ ਪਰਿਵਾਰ ਨੂੰ ਜਲਦੀ ਇਨਸਾਫ਼ ਮਿਲੇਗਾ। ਉਨ੍ਹਾਂ ਨੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਮੁੜ ਉਠਾਈ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਜੇਕਰ ਜਾਂਚ ਕੇਂਦਰੀ ਏਜੰਸੀ ਨੂੰ ਨਾ ਸੌਂਪੀ ਗਈ, ਤਾਂ ਪੁਲੀਸ ਵੱਲੋਂ ਸਬੂਤ ਨਸ਼ਟ ਕੀਤੇ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪਰਿਵਾਰ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਫ਼ੈਸਲਾ ਕੀਤਾ ਗਿਆ ਹੈ ਕਿ ਹੁਣ ਪਰਵਿੰਦਰ ਸਿੰਘ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਐਕਸ਼ਨ ਕਮੇਟੀ ਦੀਆਂ ਮੀਟਿੰਗਾਂ ਵਿੱਚ ਨਿਯਮਿਤ ਤੌਰ ’ਤੇ ਸ਼ਮੂਲੀਅਤ ਕਰੇਗੀ।
ਜ਼ਿਕਰਯੋਗ ਹੈ ਕਿ ਐਕਸ਼ਨ ਕਮੇਟੀ ਨੇ ਪਹਿਲਾਂ ਅਮਿਤ ਸ਼ਾਹ ਦੇ ਦੌਰੇ ਦਾ ਬਾਈਕਾਟ ਕਰਨ ਅਤੇ ਪਰਿਵਾਰ ਨੂੰ ਵੀ ਉਨ੍ਹਾਂ ਨਾਲ ਮੁਲਾਕਾਤ ਨਾ ਕਰਨ ਦੀ ਅਪੀਲ ਕੀਤੀ ਸੀ। ਹਾਲਾਂਕਿ, ਬਾਅਦ ਵਿੱਚ ਕਮੇਟੀ ਵੱਲੋਂ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਸੇ ਦੌਰਾਨ ਭੀਮ ਸਿੰਘ ਨੇ ਪਰਵਿੰਦਰ ਸਿੰਘ ਝੋਟਾ ਵਿਰੁੱਧ ਦਰਜ ਪੁਰਾਣੇ ਮਾਮਲਿਆਂ ਦੀ ਸੁਣਵਾਈ ਵੀ ਫਾਸਟ-ਟ੍ਰੈਕ ਆਧਾਰ ’ਤੇ ਕਰਕੇ ਜਲਦੀ ਨਿਆਂ ਦੇਣ ਦੀ ਅਪੀਲ ਕੀਤੀ।
ਹੁਣ ਮਨਪ੍ਰੀਤ ਕੌਰ ਐਕਸ਼ਨ ਕਮੇਟੀ ਦੀਆਂ ਮੀਟਿੰਗਾਂ ਵਿੱਚ ਹੋਵੇਗੀ ਸ਼ਾਮਲ
ਭੀਮ ਸਿੰਘ ਨੇ ਸਪੱਸ਼ਟ ਕੀਤਾ ਕਿ ਹੁਣ ਉਨ੍ਹਾਂ ਦੀ ਨੂੰਹ ਮਨਪ੍ਰੀਤ ਕੌਰ ਐਕਸ਼ਨ ਕਮੇਟੀ ਦੀਆਂ ਮੀਟਿੰਗਾਂ ਵਿੱਚ ਬਾਕਾਇਦਾ ਸ਼ਾਮਲ ਹੋਇਆ ਕਰੇਗੀ। ਉਨ੍ਹਾਂ ਦੱਸਿਆ ਕਿ ਉਹ ਖ਼ੁਦ ਪਿਛਲੀਆਂ ਦੋ-ਤਿੰਨ ਮੀਟਿੰਗਾਂ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ, ਜਿਸ ਕਾਰਨ ਉਨ੍ਹਾਂ ਨੂੰ ਉੱਥੇ ਹੋਈ ਚਰਚਾ ਅਤੇ ਲਏ ਗਏ ਫ਼ੈਸਲਿਆਂ ਬਾਰੇ ਪੂਰੀ ਜਾਣਕਾਰੀ ਨਹੀਂ ਹੈ।







