ਰੂਸ-ਯੂਕਰੇਨ ਜੰਗ ਦੌਰਾਨ ਆਸਟਰੇਲੀਆ ਯੂਕਰੇਨ ਨੂੰ ਦਿੱਤੀ ਜਾ ਰਹੀ ਆਪਣੀ ਮਦਦ ਲਗਾਤਾਰ ਵਧਾ ਰਿਹਾ ਹੈ। ਆਸਟਰੇਲੀਆਈ ਸਰਕਾਰ ਦੇ ਅੰਕੜਿਆਂ ਅਨੁਸਾਰ ਯੂਕਰੇਨ ਲਈ ਹੁਣ ਤੱਕ ਕੁੱਲ ਸਹਾਇਤਾ ਕਰੀਬ 1.9 ਅਰਬ ਆਸਟਰੇਲੀਆਈ ਡਾਲਰ ਤੱਕ ਪਹੁੰਚ ਚੁੱਕੀ ਹੈ, ਜਿਸ ਵਿੱਚੋਂ 1.6 ਅਰਬ ਡਾਲਰ ਤੋਂ ਵੱਧ ਦੀ ਰਕਮ ਫ਼ੌਜੀ ਮਦਦ ਵਜੋਂ ਮੁਹੱਈਆ ਕਰਵਾਈ ਗਈ ਹੈ।
ਪਿਛਲੇ ਮਹੀਨੇ ਸਰਕਾਰ ਨੇ 60 ਮਿਲੀਅਨ ਆਸਟਰੇਲੀਆਈ ਡਾਲਰ ਦੇ ਇੱਕ ਹੋਰ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਸੀ। ਇਸ ਪੈਕੇਜ ਵਿੱਚ 45 ਮਿਲੀਅਨ ਡਾਲਰ ਮੁੱਲ ਦਾ ਫ਼ੌਜੀ ਸਾਜ਼ੋ-ਸਾਮਾਨ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਆਸਟਰੇਲੀਆ ਯੂਕਰੇਨ ਨੂੰ 120 ਬੁਸ਼ਮਾਸਟਰ ਸੁਰੱਖਿਅਤ ਵਾਹਨ, 56 ਐੱਮ-113 ਬਖ਼ਤਰਬੰਦ ਗੱਡੀਆਂ, 28 ਮੱਧਮ ਸ਼੍ਰੇਣੀ ਦੇ ਟਰੱਕ ਅਤੇ 49 ਐੱਮ-1ਏ-1 ਐਬਰਾਮਜ਼ ਟੈਂਕ ਸੌਂਪ ਚੁੱਕਾ ਹੈ। ਇਨ੍ਹਾਂ ਐਬਰਾਮਜ਼ ਟੈਂਕਾਂ ਦੀ ਅੰਦਾਜ਼ਨ ਕੀਮਤ 245 ਮਿਲੀਅਨ ਡਾਲਰ ਦੱਸੀ ਗਈ ਹੈ।
ਇਸ ਤੋਂ ਇਲਾਵਾ ਆਸਟਰੇਲੀਆ ਹੁਣ ਯੂਕਰੇਨ ਲਈ ਆਧੁਨਿਕ ‘ਬਲੇਡਹੌਲ’ ਵਾਹਨ ਭੇਜਣ ਦੀ ਤਿਆਰੀ ਵਿੱਚ ਹੈ। ਇਹ ਇੱਕ ਡਰਾਈਵਰ ਰਹਿਤ ਵਾਹਨ ਹੈ, ਜੋ ਲਗਭਗ 10 ਟਨ ਤੱਕ ਦਾ ਸਾਮਾਨ ਜਾਂ 20 ਫੁੱਟ ਲੰਬਾ ਕੰਟੇਨਰ ਨਿਰਧਾਰਤ ਥਾਂ ਤੱਕ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੈ।
ਜ਼ਿਕਰਯੋਗ ਹੈ ਕਿ ਰੂਸ-ਯੂਕਰੇਨ ਜੰਗ ਦੌਰਾਨ ਕੁਝ ਸਾਬਕਾ ਆਸਟਰੇਲੀਆਈ ਸੈਨਿਕ ਵੀ ਮਾਰੇ ਜਾ ਚੁੱਕੇ ਹਨ, ਜੋ ਯੂਕਰੇਨੀ ਫ਼ੌਜ ਦੇ ਨਾਲ ਵਲੰਟੀਅਰ ਵਜੋਂ ਮੋਰਚੇ ’ਤੇ ਡਟੇ ਹੋਏ ਸਨ।







