ਇੰਟਰਨੈਸ਼ਨਲ ਡੈਸਕ : ਚੀਨੀ ਕਮਿਊਨਿਸਟ ਪਾਰਟੀ (CCP) ਵੱਲੋਂ ਵਿਦੇਸ਼ਾਂ ਵਿੱਚ ਵੱਸਦੇ ਆਪਣੇ ਨਾਗਰਿਕਾਂ ਅਤੇ ਪ੍ਰਵਾਸੀ ਭਾਈਚਾਰੇ ’ਤੇ ਨਜ਼ਰ ਰੱਖਣ ਲਈ ਕਥਿਤ ਤੌਰ ’ਤੇ ਗੁਪਤ ਪੁਲਸ ਕੇਂਦਰਾਂ ਦਾ ਨੈੱਟਵਰਕ ਲਗਾਤਾਰ ਫੈਲਾਇਆ ਜਾ ਰਿਹਾ ਹੈ। ਸਪੇਨ ਸਥਿਤ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ‘ਸੇਫਗਾਰਡ ਡਿਫੈਂਡਰਜ਼’ ਦੀ ਨਵੀਂ ਰਿਪੋਰਟ ‘ਏ ਫਾਰਮੂਲਾ ਫਾਰ ਰਿਪ੍ਰੈਸ਼ਨ’ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਦੁਨੀਆ ਦੇ 91 ਦੇਸ਼ਾਂ ਵਿੱਚ ਲਗਭਗ 1,250 ਚੀਨੀ ਕਮਿਊਨਿਟੀ ਐਸੋਸੀਏਸ਼ਨਾਂ ਪੁਲਸ ਸਟੇਸ਼ਨਾਂ ਜਾਂ ਸੰਪਰਕ ਕੇਂਦਰਾਂ ਵਜੋਂ ਕੰਮ ਕਰ ਰਹੀਆਂ ਹਨ। ਇਹ ਗਿਣਤੀ ਸਾਲ 2022 ਵਿੱਚ ਸਾਹਮਣੇ ਆਏ ਅਜਿਹੇ 100 ਕੇਂਦਰਾਂ ਦੇ ਮੁਕਾਬਲੇ ਕਰੀਬ 12 ਗੁਣਾ ਵੱਧ ਦੱਸੀ ਗਈ ਹੈ।
ਨਾਗਰਿਕ ਸੰਗਠਨਾਂ ਰਾਹੀਂ ਵਿਦੇਸ਼ਾਂ ਵਿੱਚ ਨਿਗਰਾਨੀ ਦਾ ਦੋਸ਼
ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਵਿਦੇਸ਼ੀ ਕੇਂਦਰਾਂ ਦਾ ਸੰਚਾਲਨ ਚੀਨੀ ਕਮਿਊਨਿਸਟ ਪਾਰਟੀ ਦੇ ਯੂਨਾਈਟਿਡ ਫਰੰਟ ਵਰਕ ਡਿਪਾਰਟਮੈਂਟ (UFWD) ਦੀ ਸਰਪ੍ਰਸਤੀ ਹੇਠ ਪਾਰਟੀ ਨਾਲ ਜੁੜੇ ਲੋਕਾਂ ਵੱਲੋਂ ਕੀਤਾ ਜਾਂਦਾ ਹੈ। ਅਨੁਮਾਨ ਮੁਤਾਬਕ ਦੁਨੀਆ ਭਰ ਵਿੱਚ 6 ਕਰੋੜ ਤੋਂ ਵੱਧ ਚੀਨੀ ਨਾਗਰਿਕ ਆਪਣੇ ਦੇਸ਼ ਤੋਂ ਬਾਹਰ ਰਹਿੰਦੇ ਹਨ। ਰਿਪੋਰਟ ਅਨੁਸਾਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ UFWD ਨੂੰ ਵਿਦੇਸ਼ਾਂ ਵਿੱਚ ਰਹਿੰਦੇ ਚੀਨੀ ਭਾਈਚਾਰੇ ਨਾਲ ਸੰਪਰਕ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਸੇਫਗਾਰਡ ਡਿਫੈਂਡਰਜ਼ ਦੀ ਚੀਨ ਮਾਮਲਿਆਂ ਦੀ ਡਾਇਰੈਕਟਰ ਲੌਰਾ ਹਾਰਥ ਨੇ ਕਿਹਾ ਕਿ ਸਾਲ 2022 ਵਿੱਚ ਇਸ ਨੈੱਟਵਰਕ ਦਾ ਖੁਲਾਸਾ ਹੋਣ ਤੋਂ ਬਾਅਦ ਚੀਨੀ ਅਧਿਕਾਰੀਆਂ ਨੇ ਆਪਣੀਆਂ ਗਤੀਵਿਧੀਆਂ ਨੂੰ ਲੁਕਾਉਣ ਲਈ ਵਧੇਰੇ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਮੁਤਾਬਕ ਹੁਣ ਅਜਿਹੇ ਕੇਂਦਰ ਆਪਣੀਆਂ ਇਮਾਰਤਾਂ ’ਤੇ ਪੁਲਸ ਸਟੇਸ਼ਨ ਨਾਲ ਸਬੰਧਤ ਸਰਕਾਰੀ ਚਿੰਨ੍ਹ ਜਾਂ ਲੋਗੋ ਲਗਾਉਣ ਤੋਂ ਗੁਰੇਜ਼ ਕਰਦੇ ਹਨ।
ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਚੀਨ ਦੇ ਪੰਜ ਸੂਬਿਆਂ ਨਾਲ ਸਬੰਧਤ 10 ਤੋਂ ਵੱਧ ਪੁਲਸ ਬਲ ਵਿਦੇਸ਼ਾਂ ਵਿੱਚ ਸਥਾਪਤ ਭਾਈਚਾਰਕ ਅਤੇ ਸੱਭਿਆਚਾਰਕ ਕੇਂਦਰਾਂ ਰਾਹੀਂ ਆਪਣੀਆਂ ਗਤੀਵਿਧੀਆਂ ਚਲਾ ਰਹੇ ਹਨ।
ਕੈਨੇਡਾ ਵਿੱਚ 18 ਤੋਂ ਵੱਧ ਕੇਂਦਰ ਸਰਗਰਮ ਹੋਣ ਦਾ ਦਾਅਵਾ
ਕੈਨੇਡਾ ਬਾਰੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉੱਥੇ ਘੱਟੋ-ਘੱਟ 18 ਚੀਨੀ ਸੰਗਠਨ ਕਥਿਤ ਤੌਰ ’ਤੇ ਗੈਰ-ਕਾਨੂੰਨੀ ਪੁਲਸ ਨਿਗਰਾਨੀ ਕੇਂਦਰਾਂ ਵਜੋਂ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਅਮਰੀਕੀ ਥਿੰਕ ਟੈਂਕ ‘ਜੇਮਸਟਾਊਨ ਫਾਊਂਡੇਸ਼ਨ’ ਦੀ ਖੋਜ ਦਾ ਹਵਾਲਾ ਦਿੰਦਿਆਂ ਦੱਸਿਆ ਗਿਆ ਹੈ ਕਿ ਕੈਨੇਡਾ ਵਿੱਚ UFWD ਨਾਲ ਸਬੰਧਤ 575 ਸੰਗਠਨ ਸਰਗਰਮ ਹਨ।
ਮਨੁੱਖੀ ਅਧਿਕਾਰ ਸੰਗਠਨ ਦੀ ਇਸ ਰਿਪੋਰਟ ਨੇ ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਦੀ ਨਿੱਜਤਾ, ਨਾਗਰਿਕ ਅਜ਼ਾਦੀਆਂ ਅਤੇ ਲੋਕਤੰਤਰੀ ਅਧਿਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਹਾਲਾਂਕਿ, ਰਿਪੋਰਟ ਵਿੱਚ ਪੇਸ਼ ਕੀਤੇ ਗਏ ਅੰਕੜੇ ਅਤੇ ਦੋਸ਼ ਸਬੰਧਤ ਸੰਗਠਨਾਂ ਦੇ ਖੋਜ ਅਤੇ ਦਾਅਵਿਆਂ ’ਤੇ ਆਧਾਰਿਤ ਹਨ।







