‘ਗੋਹਲ ਬ੍ਰਦਰਜ਼’ ਕੌਣ ਹਨ? ਸੀਬੀਆਈ ਦੀ ਜਾਂਚ ਦੇ ਘੇਰੇ ’ਚ ਆਏ ਭਰਾਵਾਂ ਦੇ ਸਿਆਸੀ ਤੇ ਪ੍ਰਸ਼ਾਸਨਿਕ ਹਲਕਿਆਂ ਨਾਲ ਸਬੰਧ ਚਰਚਾ ’ਚ

ਪੰਜਾਬ ਦੀ ਸਿਆਸੀ ਅਤੇ ਜਨਤਕ ਚਰਚਾ ਵਿੱਚ ਇਨ੍ਹੀਂ ਦਿਨੀਂ ‘ਗੋਹਲ ਬ੍ਰਦਰਜ਼’ ਦਾ ਨਾਂ ਚਰਚਾ ਵਿੱਚ ਹੈ। ਸੀਬੀਆਈ ਵੱਲੋਂ 5 ਅਕਤੂਬਰ ਨੂੰ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਅਤੇ ਉਨ੍ਹਾਂ ਦੇ ਪੰਜ ਕਰੀਬੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ, ਜਿਨ੍ਹਾਂ ਵਿੱਚ ਨਿਤਿਨ ਗੋਹਲ ਅਤੇ ਜਿਤਿਨ ਗੋਹਲ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ 7 ਮਈ 2026 ਨੂੰ ਈਡੀ ਵੱਲੋਂ ਖਰੜ ਦੇ ਵੈਸਟਰਨ ਟਾਵਰ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ ਨੋਟਾਂ ਨਾਲ ਭਰੇ ਬੈਗ ਹੇਠਾਂ ਸੁੱਟੇ ਜਾਣ ਦੀ ਘਟਨਾ ਮਗਰੋਂ ਗੋਹਲ ਭਰਾਵਾਂ ਦਾ ਨਾਂ ਚਰਚਾ ਵਿੱਚ ਆਇਆ ਸੀ।

ਨਿਤਿਨ ਗੋਹਲ ਅਤੇ ਰਾਜਬੀਰ ਸਿੰਘ ਘੁੰਮਣ ਜਮਾਤੀ ਰਹੇ ਹਨ, ਜਦਕਿ ਨਿਤਿਨ ਅਤੇ ਜਿਤਿਨ ਗੋਹਲ ਸਕੇ ਭਰਾ ਹਨ। ਨਿਤਿਨ ਗੋਹਲ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਤੋਂ ਬੀ.ਟੈੱਕ ਅਤੇ ਸ਼ਹੀਦ ਊਧਮ ਸਿੰਘ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਟੰਗੋਰੀ ਤੋਂ ਐੱਮ.ਟੈੱਕ ਦੀ ਪੜ੍ਹਾਈ ਕੀਤੀ। ਅਗਸਤ 2008 ਵਿੱਚ ਉਸ ਨੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਕਰੀਅਰ ਦੀ ਸ਼ੁਰੂਆਤ ਕੀਤੀ।

ਬਾਅਦ ਵਿੱਚ ਨਿਤਿਨ ਗੋਹਲ ਆਈਟੀ ਖੇਤਰ ਨਾਲ ਜੁੜ ਗਿਆ। ਜਨਵਰੀ 2015 ਵਿੱਚ ਉਸ ਨੇ ਮੁਹਾਲੀ ਵਿੱਚ ‘ਟੈਕਲਾਈਵ ਸਲਿਊਸ਼ਨਜ਼’ ਨਾਮ ਦੀ ਕੰਪਨੀ ਸ਼ੁਰੂ ਕੀਤੀ, ਜੋ ਸਾਫਟਵੇਅਰ ਡਿਵੈਲਪਮੈਂਟ ਨਾਲ ਸਬੰਧਤ ਸੀ। ਮਈ 2018 ਵਿੱਚ ਉਸ ਨੇ ‘ਫੋਰਟੈੱਕ ਵੈੱਬ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ’ ਦੀ ਸਥਾਪਨਾ ਕੀਤੀ। ਇਸ ਤੋਂ ਬਾਅਦ ਉਸ ਦੀ ਕੰਪਨੀ ਨੂੰ ਪੰਜਾਬ ਸਰਕਾਰ ਨਾਲ ਜੁੜੇ ਕੰਮ ਮਿਲੇ ਅਤੇ ਉਹ ਸਰਕਾਰੀ ਪੋਰਟਲਾਂ ਦੀ ਤਿਆਰੀ ਤੇ ਵੱਖ-ਵੱਖ ਐਪਲੀਕੇਸ਼ਨਾਂ ਦੀ ਟੈਸਟਿੰਗ ਨਾਲ ਸਬੰਧਤ ਕੰਮ ਕਰਦਾ ਰਿਹਾ।

ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਮਾਤੀ ਹੋਣ ਦੇ ਨਾਤੇ ਨਿਤਿਨ ਗੋਹਲ ਦੀ ਰਾਜਬੀਰ ਸਿੰਘ ਘੁੰਮਣ ਨਾਲ ਨੇੜਤਾ ਹੋਰ ਵਧੀ। ਈਡੀ ਵੱਲੋਂ ਡੀਜੀਪੀ ਨੂੰ ਲਿਖੇ ਪੱਤਰਾਂ ਵਿੱਚ ਨਿਤਿਨ ਗੋਹਲ ਦੀ ਕਥਿਤ ਸਿਆਸੀ ਅਤੇ ਪ੍ਰਸ਼ਾਸਨਿਕ ਪਹੁੰਚ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਪੱਤਰਾਂ ਵਿੱਚ ਉਸ ਦੀ ਪੋਸਟਿੰਗਾਂ ਅਤੇ ਤਾਇਨਾਤੀਆਂ ਵਿੱਚ ਕਥਿਤ ਭੂਮਿਕਾ ਦੇ ਦੋਸ਼ ਵੀ ਸਾਹਮਣੇ ਆਏ ਹਨ।

ਜਿਤਿਨ ਗੋਹਲ ਨੂੰ ਮਿਲੀਆਂ ਸਰਕਾਰੀ ਸਹੂਲਤਾਂ ਵੀ ਚਰਚਾ ਵਿੱਚ

ਨਿਤਿਨ ਗੋਹਲ ਦਾ ਛੋਟਾ ਭਰਾ ਜਿਤਿਨ ਗੋਹਲ ਵੀ ਮੁੱਖ ਮੰਤਰੀ ਦਫ਼ਤਰ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਹੈ। ਉਸ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਤੋਂ ਡਿਗਰੀ ਕੀਤੀ ਹੈ। ਜਿਤਿਨ ਗੋਹਲ ਦਸੰਬਰ 2013 ਤੋਂ ਮਾਰਕਫੈੱਡ ਦੇ ਕਪੂਰਥਲਾ ਸਥਿਤ ਕੈਟਲ ਫੀਡ ਪਲਾਂਟ ਵਿੱਚ ਪ੍ਰੋਡਕਸ਼ਨ ਮੈਨੇਜਰ ਵਜੋਂ ਤਾਇਨਾਤ ਹੈ।

ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਉਸ ਨੂੰ ਮਿਲੇ ਕਥਿਤ ਤੌਰ ’ਤੇ ਵਿਸ਼ੇਸ਼ ਲਾਭ ਵੀ ਚਰਚਾ ਦਾ ਵਿਸ਼ਾ ਬਣੇ। ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ ਪ੍ਰੋਡਕਸ਼ਨ ਮੈਨੇਜਰ ਦੇ ਅਹੁਦੇ ’ਤੇ ਰਹਿੰਦਿਆਂ ਜਨਰਲ ਮੈਨੇਜਰ ਦੇ ਬਰਾਬਰ ਪੇਅ ਗਰੇਡ ਦਿੱਤਾ ਗਿਆ, ਜਦਕਿ ਮਾਰਕਫੈੱਡ ਦੇ ਹੋਰ ਪਲਾਂਟਾਂ ਵਿੱਚ ਇਸ ਅਹੁਦੇ ’ਤੇ ਤਾਇਨਾਤ ਮੈਨੇਜਰਾਂ ਨੂੰ ਇਹ ਸਹੂਲਤ ਨਹੀਂ ਮਿਲੀ।

ਇਸੇ ਤਰ੍ਹਾਂ ਕਪੂਰਥਲਾ ਪਲਾਂਟ ਵਿੱਚ ਜਨਰਲ ਮੈਨੇਜਰ ਲਈ ਨਿਰਧਾਰਤ ਗੱਡੀ ਦੀ ਸਹੂਲਤ ਜਿਤਿਨ ਗੋਹਲ ਨੂੰ ਵੀ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਇਸ ਪਲਾਂਟ ਵਿੱਚ ਸਬਸਿਡੀ ਵਾਲੀ ਯੂਰੀਆ ਖਾਦ ਦੀ ਵਰਤੋਂ ਨਾਲ ਜੁੜੇ ਮਾਮਲੇ ਵਿੱਚ 17 ਜੂਨ 2026 ਨੂੰ ਖੇਤੀਬਾੜੀ ਵਿਭਾਗ ਦੀ ਟੀਮ ਨੇ ਜਾਂਚ ਦੌਰਾਨ 300 ਬੈਗ ਯੂਰੀਆ ਬਰਾਮਦ ਕੀਤੀ ਸੀ। ਇਸ ਮਾਮਲੇ ਵਿੱਚ ਪਲਾਂਟ ਦੇ ਕਮਰਸ਼ੀਅਲ ਮੈਨੇਜਰ ਨੂੰ ਚਾਰਜਸ਼ੀਟ ਕੀਤੇ ਜਾਣ ਦੀ ਗੱਲ ਕਹੀ ਗਈ, ਜਦਕਿ ਜਿਤਿਨ ਗੋਹਲ ਖ਼ਿਲਾਫ਼ ਕੋਈ ਕਾਰਵਾਈ ਨਾ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਪਰਿਵਾਰ ਦਾ ਪ੍ਰਸ਼ਾਸਨਿਕ ਪਿਛੋਕੜ

ਗੋਹਲ ਭਰਾਵਾਂ ਦੇ ਪਰਿਵਾਰ ਦਾ ਸਿੱਖਿਆ ਅਤੇ ਪ੍ਰਸ਼ਾਸਨਿਕ ਖੇਤਰ ਨਾਲ ਵੀ ਪੁਰਾਣਾ ਨਾਤਾ ਰਿਹਾ ਹੈ। ਉਨ੍ਹਾਂ ਦੇ ਪਿਤਾ ਪ੍ਰੋ. ਬਿਹਾਰੀ ਲਾਲ ਗੋਹਲ ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਵਿੱਚ ਅਰਥ ਸ਼ਾਸਤਰ ਦੇ ਲੈਕਚਰਾਰ ਰਹੇ ਅਤੇ ਬਾਅਦ ਵਿੱਚ ਵਾਈਸ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਈਆਂ। ਸੇਵਾਮੁਕਤੀ ਤੋਂ ਪਹਿਲਾਂ ਉਹ ਮਲੇਰਕੋਟਲਾ ਦੇ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਰਹੇ। ਉਨ੍ਹਾਂ ਦੀ ਮਾਤਾ ਵੀ ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਵਿੱਚ ਕੈਮਿਸਟਰੀ ਦੀ ਲੈਕਚਰਾਰ ਰਹੀ ਹੈ।

ਪਰਿਵਾਰ ਦੀ ਸਮਾਜਿਕ ਪਛਾਣ ਅਤੇ ਸਿੱਖਿਆ ਖੇਤਰ ਵਿੱਚ ਰਹੇ ਪ੍ਰਭਾਵ ਕਾਰਨ ਗੋਹਲ ਪਰਿਵਾਰ ਨੂੰ ਨਾਭਾ ਵਿੱਚ ਜਾਣਿਆ-ਪਛਾਣਿਆ ਪਰਿਵਾਰ ਮੰਨਿਆ ਜਾਂਦਾ ਰਿਹਾ ਹੈ। ਹੁਣ ਨਿਤਿਨ ਅਤੇ ਜਿਤਿਨ ਗੋਹਲ ਦੇ ਨਾਂ ਸੀਬੀਆਈ ਦੀ ਐੱਫਆਈਆਰ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੀ ਸਿਆਸੀ ਅਤੇ ਪ੍ਰਸ਼ਾਸਨਿਕ ਪਹੁੰਚ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਣੀ ਹੋਈ ਹੈ। ਹਾਲਾਂਕਿ, ਮਾਮਲੇ ਵਿੱਚ ਲੱਗੇ ਦੋਸ਼ਾਂ ਬਾਰੇ ਅੰਤਿਮ ਸੱਚਾਈ ਜਾਂ ਜ਼ਿੰਮੇਵਾਰੀ ਦਾ ਨਿਰਧਾਰਨ ਜਾਂਚ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਹੋਵੇਗਾ।