Sugar Price Update: ਖੰਡ ਦੀਆਂ ਕੀਮਤਾਂ ’ਚ ਨਰਮੀ, ਸਰਕਾਰ ਨੇ ਕਿਹਾ ਦੇਸ਼ ’ਚ ਲੋੜੀਂਦਾ ਸਟਾਕ ਮੌਜੂਦ
ਨਵੀਂ ਦਿੱਲੀ: ਸਰਕਾਰ ਵੱਲੋਂ ਖੰਡ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਚੁੱਕੇ ਗਏ ਕਈ ਕਦਮਾਂ ਦੇ ਬਾਅਦ ਸੋਮਵਾਰ ਨੂੰ ਲਗਾਤਾਰ ਚੌਥੇ ਦਿਨ ਦੇਸ਼ ਭਰ ਵਿੱਚ ਖੰਡ ਦੀ ਔਸਤ ਪਰਚੂਨ ਕੀਮਤ 60 ਰੁਪਏ ਪ੍ਰਤੀ ਕਿਲੋ ਤੋਂ ਹੇਠਾਂ ਰਹੀ।
ਖਪਤਕਾਰ ਮਾਮਲੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਖੰਡ ਦੀ ਔਸਤ ਪਰਚੂਨ ਕੀਮਤ 59.57 ਰੁਪਏ ਪ੍ਰਤੀ ਕਿਲੋ ਦਰਜ ਕੀਤੀ ਗਈ। ਇੱਕ ਦਿਨ ਪਹਿਲਾਂ ਇਹ ਕੀਮਤ 58.99 ਰੁਪਏ ਪ੍ਰਤੀ ਕਿਲੋ ਸੀ। ਸ਼ੁੱਕਰਵਾਰ ਨੂੰ ਖੰਡ ਦਾ ਔਸਤ ਭਾਅ 60 ਰੁਪਏ ਪ੍ਰਤੀ ਕਿਲੋ ਤੋਂ ਹੇਠਾਂ ਆ ਗਿਆ ਸੀ ਅਤੇ ਉਸ ਤੋਂ ਬਾਅਦ ਵੀ ਕੀਮਤਾਂ ਵਿੱਚ ਨਰਮੀ ਬਣੀ ਹੋਈ ਹੈ।
ਹਾਲਾਂਕਿ, ਮੌਜੂਦਾ ਔਸਤ ਕੀਮਤ 21 ਅਗਸਤ ਨੂੰ ਦਰਜ 58.23 ਰੁਪਏ ਪ੍ਰਤੀ ਕਿਲੋ ਦੇ ਪੱਧਰ ਨਾਲੋਂ ਅਜੇ ਵੀ ਵੱਧ ਹੈ। ਇਸ ਦਿਨ ਕੇਂਦਰ ਸਰਕਾਰ ਨੇ ਪਹਿਲੀ ਵਾਰ ਖੰਡ ਦੀ ਦਰਾਮਦ ਨੂੰ ਮਨਜ਼ੂਰੀ ਦੇਣ ਦੇ ਨਾਲ ਕੀਮਤਾਂ ਨੂੰ ਕਾਬੂ ਕਰਨ ਲਈ ਹੋਰ ਉਪਾਅ ਵੀ ਕੀਤੇ ਸਨ। ਮੰਤਰਾਲੇ ਅਨੁਸਾਰ ਸੋਮਵਾਰ ਨੂੰ ਦੇਸ਼ ਵਿੱਚ ਖੰਡ ਦੀ ਸਭ ਤੋਂ ਵੱਧ ਪਰਚੂਨ ਕੀਮਤ 85 ਰੁਪਏ ਅਤੇ ਸਭ ਤੋਂ ਘੱਟ 40 ਰੁਪਏ ਪ੍ਰਤੀ ਕਿਲੋ ਰਹੀ।
ਦੱਖਣੀ ਭਾਰਤ ਦੇ ਕੁਝ ਸੂਬਿਆਂ ਵਿੱਚ ਇਸ ਦੇ ਉਲਟ ਕੀਮਤਾਂ ਵਧੀਆਂ। ਆਂਧਰਾ ਪ੍ਰਦੇਸ਼ ਵਿੱਚ ਔਸਤ ਪਰਚੂਨ ਕੀਮਤ 21 ਅਗਸਤ ਦੇ 49.58 ਰੁਪਏ ਤੋਂ ਵਧ ਕੇ ਸੋਮਵਾਰ ਨੂੰ 55.56 ਰੁਪਏ ਪ੍ਰਤੀ ਕਿਲੋ ਹੋ ਗਈ। ਕੇਰਲ ਵਿੱਚ ਵੀ ਇਸੇ ਸਮੇਂ ਦੌਰਾਨ ਕੀਮਤ 56.75 ਰੁਪਏ ਤੋਂ ਵਧ ਕੇ 57.80 ਰੁਪਏ ਪ੍ਰਤੀ ਕਿਲੋ ਹੋਈ। ਇਸ ਦੇ ਮੁਕਾਬਲੇ ਤਾਮਿਲਨਾਡੂ ਵਿੱਚ ਮਾਮੂਲੀ ਕਮੀ ਦਰਜ ਕੀਤੀ ਗਈ।
ਪ੍ਰਮੁੱਖ ਉਤਪਾਦਕ ਸੂਬਿਆਂ ਵਿੱਚ ਭਾਅ ਘਟੇ
ਦੇਸ਼ ਦੇ ਪ੍ਰਮੁੱਖ ਖੰਡ ਉਤਪਾਦਕ ਸੂਬਿਆਂ ਵਿੱਚ ਪਰਚੂਨ ਕੀਮਤਾਂ ਵਿੱਚ ਨਰਮੀ ਦੇਖਣ ਨੂੰ ਮਿਲੀ। ਮਹਾਰਾਸ਼ਟਰ ਵਿੱਚ ਖੰਡ ਦਾ ਔਸਤ ਭਾਅ 59 ਰੁਪਏ ਤੋਂ ਘਟ ਕੇ 58.22 ਰੁਪਏ ਪ੍ਰਤੀ ਕਿਲੋ ਰਹਿ ਗਿਆ। ਉੱਤਰ ਪ੍ਰਦੇਸ਼ ਵਿੱਚ ਵੀ ਕੀਮਤ 21 ਅਗਸਤ ਦੇ 59.64 ਰੁਪਏ ਤੋਂ ਘਟ ਕੇ 57.88 ਰੁਪਏ ਪ੍ਰਤੀ ਕਿਲੋ ਦਰਜ ਕੀਤੀ ਗਈ।
ਮੱਧ ਪ੍ਰਦੇਸ਼ ਵਿੱਚ ਵੀ ਖੰਡ ਦੀਆਂ ਕੀਮਤਾਂ ਵਿੱਚ ਵੱਡੀ ਕਮੀ ਆਈ। ਇੱਥੇ ਔਸਤ ਪਰਚੂਨ ਕੀਮਤ 62.36 ਰੁਪਏ ਤੋਂ ਘਟ ਕੇ 56.57 ਰੁਪਏ ਪ੍ਰਤੀ ਕਿਲੋ ਰਹਿ ਗਈ। ਪੱਛਮੀ ਬੰਗਾਲ ਵਿੱਚ ਵੀ ਮਾਮੂਲੀ ਗਿਰਾਵਟ ਦਰਜ ਹੋਈ ਅਤੇ ਕੀਮਤ 60.95 ਰੁਪਏ ਤੋਂ ਘਟ ਕੇ 60.43 ਰੁਪਏ ਪ੍ਰਤੀ ਕਿਲੋ ਹੋ ਗਈ।
ਸਰਕਾਰ ਨੇ ਖੰਡ ਦਰਾਮਦ ਦੀ ਦਿੱਤੀ ਮਨਜ਼ੂਰੀ
ਕੇਂਦਰ ਸਰਕਾਰ ਨੇ 21 ਅਗਸਤ ਨੂੰ ਖੰਡ ਦੀ ਦਰਾਮਦ ਦੀ ਇਜਾਜ਼ਤ ਦੇਣ ਦੇ ਨਾਲ ਬਲਕ ਖਪਤਕਾਰਾਂ ਅਤੇ ਡੀਲਰਾਂ ਲਈ ਸਟਾਕ ਰੱਖਣ ਸਬੰਧੀ ਨਿਯਮਾਂ ਨੂੰ ਵੀ ਸਖ਼ਤ ਕੀਤਾ ਸੀ। ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਘਰੇਲੂ ਮੰਗ ਪੂਰੀ ਕਰਨ ਲਈ ਖੰਡ ਦਾ ਲੋੜੀਂਦਾ ਸਟਾਕ ਮੌਜੂਦ ਹੈ।
ਸਰਕਾਰ ਨੇ ਖੰਡ ਮਿੱਲਾਂ ’ਤੇ ਕੀਮਤਾਂ ਵਧਾਉਣ ਦਾ ਦੋਸ਼ ਵੀ ਲਗਾਇਆ ਹੈ। ਇਸ ਦੌਰਾਨ 2025-26 ਦੇ ਮਾਰਕੀਟਿੰਗ ਸਾਲ ਲਈ ਖੰਡ ਉਤਪਾਦਨ ਦਾ ਅਨੁਮਾਨ ਪਹਿਲਾਂ ਦੇ 343 ਲੱਖ ਟਨ ਤੋਂ ਘਟਾ ਕੇ 306 ਲੱਖ ਟਨ ਕਰ ਦਿੱਤਾ ਗਿਆ ਹੈ। ਦੇਸ਼ ਵਿੱਚ ਖੰਡ ਦੀ ਸਾਲਾਨਾ ਘਰੇਲੂ ਮੰਗ ਲਗਭਗ 280 ਤੋਂ 285 ਲੱਖ ਟਨ ਦੱਸੀ ਗਈ ਹੈ।







