ਕੋਲਕਾਤਾ ਹੋਟਲ ਅੱਗ ਕਾਂਡ: ਭਿਆਨਕ ਅੱਗ ਵਿੱਚ 9 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਕੋਲਕਾਤਾ ਦੇ ਹੋਟਲ ’ਚ ਭਿਆਨਕ ਅੱਗ, 9 ਲੋਕਾਂ ਦੀ ਮੌਤ; ਕਈ ਜ਼ਖ਼ਮੀ

ਕੇਂਦਰੀ ਕੋਲਕਾਤਾ ਦੀ ਮਿਰਜ਼ਾ ਗਾਲਿਬ ਸੜਕ ’ਤੇ ਸਥਿਤ ਇੱਕ ਹੋਟਲ ਵਿੱਚ ਬੁੱਧਵਾਰ ਸਵੇਰੇ ਤੜਕੇ ਲੱਗੀ ਭਿਆਨਕ ਅੱਗ ਕਾਰਨ ਘੱਟੋ-ਘੱਟ ਨੌਂ ਲੋਕਾਂ ਦੀ ਜਾਨ ਚਲੀ ਗਈ, ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਰਾਹਤ ਤੇ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ।

ਅਧਿਕਾਰੀਆਂ ਮੁਤਾਬਕ ਅੱਗ ਰਾਤ ਕਰੀਬ 1:45 ਵਜੇ ਲੱਗੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ। ਪੁਲੀਸ, ਫਾਇਰ ਬ੍ਰਿਗੇਡ ਅਤੇ ਆਫ਼ਤ ਪ੍ਰਬੰਧਨ ਟੀਮਾਂ ਨੇ ਸਾਂਝੇ ਤੌਰ ’ਤੇ ਬਚਾਅ ਮੁਹਿੰਮ ਚਲਾਈ ਅਤੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ।

ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਮਾਰਤ ਵਿੱਚ ਫੈਲੇ ਸੰਘਣੇ ਧੂੰਏਂ ਕਾਰਨ ਫਾਇਰਫਾਈਟਰਾਂ ਨੂੰ ਉੱਪਰਲੀਆਂ ਮੰਜ਼ਿਲਾਂ ਤੱਕ ਪਹੁੰਚਣ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਬਚਾਅ ਕਾਰਜਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਨਾਲ ਹੀ ਅੱਗ ਲੱਗਣ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਅੱਗ ’ਤੇ ਕਾਬੂ ਪਾ ਲਿਆ ਗਿਆ ਹੈ, ਜਦਕਿ ਇਮਾਰਤ ਨੂੰ ਠੰਢਾ ਕਰਨ ਅਤੇ ਕਿਸੇ ਵੀ ਮੁੜ ਭੜਕਣ ਵਾਲੇ ਖ਼ਤਰੇ ਨੂੰ ਟਾਲਣ ਲਈ ਕੂਲਿੰਗ ਆਪਰੇਸ਼ਨ ਜਾਰੀ ਹੈ।

ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਫਾਇਰ ਸਰਵਿਸਿਜ਼ ਦਾ ਮੁੱਖ ਦਫ਼ਤਰ ਵੀ ਇਸ ਹੋਟਲ ਦੇ ਨੇੜੇ ਹੀ ਸਥਿਤ ਹੈ।