ਖਾਲਿਸਤਾਨ ਦਾ ਮੁੱਦਾ ਭਾਰਤ ਦਾ ਨਹੀਂ, ਕੈਨੇਡਾ ਦੀ ਸਮੱਸਿਆ ਹੈ: ਭਾਰਤੀ ਹਾਈ ਕਮਿਸ਼ਨਰ
ਦਿਨੇਸ਼ ਕੇ. ਪਟਨਾਇਕ ਨੇ ਕਿਹਾ—ਸ਼ਾਂਤਮਈ ਸਿਆਸੀ ਪ੍ਰਚਾਰ ਅਤੇ ਹਿੰਸਕ ਕੱਟੜਪੰਥੀ ਗਤੀਵਿਧੀਆਂ ਵਿਚਾਲੇ ਫ਼ਰਕ ਕਰੇ ਕੈਨੇਡਾ
ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ. ਪਟਨਾਇਕ ਨੇ ਖਾਲਿਸਤਾਨ ਦੇ ਮੁੱਦੇ ’ਤੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਇਹ ਭਾਰਤ ਦੀ ਨਹੀਂ, ਸਗੋਂ ਕੈਨੇਡਾ ਦੀ ਸਮੱਸਿਆ ਹੈ। ਉਨ੍ਹਾਂ ਕੈਨੇਡੀਅਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸ਼ਾਂਤਮਈ ਢੰਗ ਨਾਲ ਆਪਣੇ ਸਿਆਸੀ ਵਿਚਾਰ ਪ੍ਰਗਟਾਉਣ ਵਾਲਿਆਂ ਅਤੇ ਹਿੰਸਾ, ਫਿਰੌਤੀ ਤੇ ਸੰਗਠਿਤ ਅਪਰਾਧ ਵਿੱਚ ਸ਼ਾਮਲ ਕੱਟੜਪੰਥੀ ਤੱਤਾਂ ਵਿਚਾਲੇ ਫ਼ਰਕ ਕਰੇ।
ਕੈਨੇਡੀਅਨ ਪਬਲਿਕ ਪ੍ਰਸਾਰਕ ਸੀਪੀਏਸੀ (CPAC) ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪਟਨਾਇਕ ਨੇ ਕਿਹਾ ਕਿ ਭਾਰਤ ਵਿੱਚ ਖਾਲਿਸਤਾਨ ਕੋਈ ਸਿਆਸੀ ਮੁੱਦਾ ਨਹੀਂ ਹੈ। ਉਨ੍ਹਾਂ ਮੁਤਾਬਕ ਕੈਨੇਡਾ ਨੂੰ ਆਪਣੀ ਧਰਤੀ ’ਤੇ ਸਰਗਰਮ ਕੱਟੜਪੰਥੀਆਂ ਦੇ ਇੱਕ ਛੋਟੇ ਸਮੂਹ ਦੀਆਂ ਗਤੀਵਿਧੀਆਂ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਇਸ ਸਮੂਹ ਨੂੰ ਪੂਰੇ ਸਿੱਖ ਭਾਈਚਾਰੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ।
ਉਨ੍ਹਾਂ ਕਿਹਾ, “ਖਾਲਿਸਤਾਨ ਭਾਰਤ ਵਿੱਚ ਕੋਈ ਮੁੱਦਾ ਨਹੀਂ ਹੈ। ਇਹ ਕੈਨੇਡਾ ਵਿੱਚ ਹੈ।” ਉਨ੍ਹਾਂ ਜ਼ੋਰ ਦਿੱਤਾ ਕਿ ਕੈਨੇਡਾ ਨੂੰ ਸਮਝਣਾ ਚਾਹੀਦਾ ਹੈ ਕਿ ਵੱਖਵਾਦੀ ਲਹਿਰ ਨਾਲ ਜੁੜੀਆਂ ਗਤੀਵਿਧੀਆਂ ਉਸ ਦੀ ਆਪਣੀ ਧਰਤੀ ’ਤੇ ਹੋ ਰਹੀਆਂ ਹਨ।
ਸ਼ਾਂਤਮਈ ਵਿਚਾਰ ਪ੍ਰਗਟਾਉਣ ਦਾ ਹੱਕ, ਪਰ ਹਿੰਸਾ ਦੀ ਹਮਾਇਤ ਨਹੀਂ
ਭਾਰਤੀ ਹਾਈ ਕਮਿਸ਼ਨਰ ਨੇ ਕਿਹਾ ਕਿ ਸਿੱਖਾਂ ਸਮੇਤ ਹਰ ਵਿਅਕਤੀ ਨੂੰ ਵੱਖਰੇ ਦੇਸ਼ ਦੀ ਮੰਗ ਦੇ ਹੱਕ ਵਿੱਚ ਸ਼ਾਂਤਮਈ ਢੰਗ ਨਾਲ ਆਪਣੇ ਵਿਚਾਰ ਪ੍ਰਗਟਾਉਣ ਦਾ ਅਧਿਕਾਰ ਹੈ। ਭਾਰਤ ਨੂੰ ਸ਼ਾਂਤਮਈ ਪ੍ਰਚਾਰ ’ਤੇ ਕੋਈ ਇਤਰਾਜ਼ ਨਹੀਂ, ਪਰ ਹਿੰਸਾ, ਕਤਲ ਅਤੇ ਅਤਿਵਾਦ ਨੂੰ ਜਾਇਜ਼ ਠਹਿਰਾਉਣਾ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਕੈਨੇਡੀਅਨਾਂ, ਸਿੱਖਾਂ ਅਤੇ ਭਾਰਤੀਆਂ ਸਮੇਤ ਹਰ ਕਿਸੇ ਨੂੰ ਆਪਣੇ ਵਿਚਾਰਾਂ ਦੇ ਹੱਕ ਵਿੱਚ ਸ਼ਾਂਤਮਈ ਢੰਗ ਨਾਲ ਗੱਲ ਕਰਨ ਦਾ ਹੱਕ ਹੈ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਸਿਆਸੀ ਵਿਚਾਰਾਂ ਦੇ ਪ੍ਰਗਟਾਵੇ ਨੂੰ ਅਪਰਾਧਿਕ ਗਤੀਵਿਧੀਆਂ ਨਾਲ ਜੋੜਨਾ ਠੀਕ ਨਹੀਂ ਹੈ।
ਦਿਲਜੀਤ ਦੋਸਾਂਝ ਦੇ ਕੰਸਰਟ ਦੀ ਦਿੱਤੀ ਮਿਸਾਲ
ਪਟਨਾਇਕ ਨੇ ਪੂਰੇ ਸਿੱਖ ਭਾਈਚਾਰੇ ਅਤੇ ਕੱਟੜਪੰਥੀ ਤੱਤਾਂ ਵਿਚਾਲੇ ਫ਼ਰਕ ਸਮਝਾਉਣ ਲਈ ਟੋਰਾਂਟੋ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਇੱਕ ਕੰਸਰਟ ਦੀ ਮਿਸਾਲ ਦਿੱਤੀ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਲਗਭਗ 45 ਹਜ਼ਾਰ ਲੋਕ ਸ਼ਾਮਲ ਹੋਏ ਸਨ, ਜਦਕਿ ਕਰੀਬ 15 ਖਾਲਿਸਤਾਨੀ ਕੱਟੜਪੰਥੀਆਂ ਦੇ ਇੱਕ ਸਮੂਹ ਨੇ ਸਮਾਗਮ ਵਾਲੀ ਥਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ ਕਿ ਜੇਕਰ 15 ਲੋਕਾਂ ਦੀਆਂ ਗਤੀਵਿਧੀਆਂ ਦੀ ਤੁਲਨਾ 45 ਹਜ਼ਾਰ ਲੋਕਾਂ ਨਾਲ ਕੀਤੀ ਜਾਵੇਗੀ, ਤਾਂ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਅੱਗੇ ਵਧਾਉਣ ਦਾ ਰਾਹ ਮੁਸ਼ਕਲ ਹੋ ਜਾਵੇਗਾ।
ਉਨ੍ਹਾਂ ਦਲੀਲ ਦਿੱਤੀ ਕਿ ਕੱਟੜਪੰਥੀ ਤੱਤਾਂ ਨੂੰ ਸਮੁੱਚੇ ਸਿੱਖ ਭਾਈਚਾਰੇ ਨਾਲ ਜੋੜਨ ਕਾਰਨ ਕੈਨੇਡਾ ਵਿੱਚ ਸਿੱਖਾਂ ਬਾਰੇ ਗ਼ਲਤ ਧਾਰਨਾਵਾਂ ਅਤੇ ਨਫ਼ਰਤ ਪੈਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਵਿਚਾਰਾਂ ਨੂੰ ਨਸ਼ਾ ਤਸਕਰੀ, ਹਥਿਆਰਾਂ ਦੀ ਤਸਕਰੀ, ਮਨੁੱਖੀ ਤਸਕਰੀ ਅਤੇ ਜਬਰੀ ਵਸੂਲੀ ਵਰਗੇ ਅਪਰਾਧਾਂ ਨਾਲ ਨਹੀਂ ਮਿਲਾਉਣਾ ਚਾਹੀਦਾ।
ਸੰਗਠਿਤ ਅਪਰਾਧ ਖ਼ਿਲਾਫ਼ ਸਹਿਯੋਗ ’ਤੇ ਜ਼ੋਰ
ਭਾਰਤੀ ਹਾਈ ਕਮਿਸ਼ਨਰ ਨੇ ਸੰਗਠਿਤ ਅਪਰਾਧਿਕ ਨੈੱਟਵਰਕਾਂ ਵਿਰੁੱਧ ਭਾਰਤ ਅਤੇ ਕੈਨੇਡਾ ਦੇ ਅਧਿਕਾਰੀਆਂ ਵਿਚਾਲੇ ਵਧ ਰਹੇ ਸਹਿਯੋਗ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਭਾਰਤ ਅਤੇ ਕੈਨੇਡਾ ਸਾਲ 2023 ਵਿੱਚ ਪੈਦਾ ਹੋਏ ਗੰਭੀਰ ਕੂਟਨੀਤਕ ਤਣਾਅ ਤੋਂ ਬਾਅਦ ਆਪਣੇ ਸਬੰਧਾਂ ਨੂੰ ਮੁੜ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਸ ਸਮੇਂ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਕਥਿਤ ਸ਼ਮੂਲੀਅਤ ਦੇ ਦੋਸ਼ ਲਾਏ ਸਨ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਸੀ।
ਪਟਨਾਇਕ ਨੇ ਕਿਹਾ ਕਿ ਭਾਰਤ ਨੇ ਸ਼ੁਰੂ ਤੋਂ ਹੀ ਇਸ ਮਾਮਲੇ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਚਾਹੁੰਦਾ ਹੈ ਕਿ ਕੈਨੇਡੀਅਨ ਅਧਿਕਾਰੀ ਅਜਿਹੇ ਸਬੂਤ ਸਾਂਝੇ ਕਰਨ, ਜਿਨ੍ਹਾਂ ਦੇ ਆਧਾਰ ’ਤੇ ਭਾਰਤ ਵਿੱਚ ਕਿਸੇ ਵੀ ਵਿਅਕਤੀ ਨੂੰ ਇਸ ਮਾਮਲੇ ਨਾਲ ਜੋੜਿਆ ਜਾ ਸਕੇ।
ਅੰਤ ਵਿੱਚ ਉਨ੍ਹਾਂ ਜ਼ੋਰ ਦਿੱਤਾ ਕਿ ਦੋਵਾਂ ਦੇਸ਼ਾਂ ਨੂੰ ਕੱਟੜਪੰਥੀ ਤੱਤਾਂ ਦੇ ਇੱਕ ਛੋਟੇ ਸਮੂਹ ਨੂੰ ਦਹਾਕਿਆਂ ਤੋਂ ਬਣੇ ਆਪਸੀ ਸਬੰਧਾਂ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਡੂੰਘੇ ਸਬੰਧਾਂ ਨੂੰ ਸੰਭਾਲਣਾ ਦੋਵਾਂ ਦੇਸ਼ਾਂ ਦੇ ਹਿੱਤ ਵਿੱਚ ਹੈ।







