ਕੈਨੇਡਾ ਦੀ ਸੰਸਦ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਐਤਵਾਰ ਨੂੰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪਰਵਾਸੀਆਂ, ਕੌਮਾਂਤਰੀ ਵਿਦਿਆਰਥੀਆਂ, ਸ਼ਰਨਾਰਥੀਆਂ ਅਤੇ ਗੈਰ-ਦਸਤਾਵੇਜ਼ੀ ਲੋਕਾਂ ਵੱਲੋਂ ਰੋਸ ਮਾਰਚ ਕੱਢੇ ਗਏ। ਪ੍ਰਦਰਸ਼ਨਕਾਰੀਆਂ ਨੇ ਕੈਨੇਡਾ ਵਿੱਚ ਰਹਿ ਰਹੇ ਸਾਰੇ ਪਰਵਾਸੀਆਂ ਲਈ ਪੱਕੀ ਰਿਹਾਇਸ਼ (ਪੀ.ਆਰ.) ਦਾ ਰਸਤਾ ਸੁਗਮ ਬਣਾਉਣ ਅਤੇ ਡਿਪੋਰਟੇਸ਼ਨ ਦੀ ਕਾਰਵਾਈ ਰੋਕਣ ਦੀ ਮੰਗ ਕੀਤੀ।
ਟੋਰਾਂਟੋ ਵਿੱਚ ਰੈਲੀ ਕ੍ਰਿਸਟੀ ਪਿਟਸ ਪਾਰਕ ਤੋਂ ਸ਼ੁਰੂ ਹੋ ਕੇ ਡਫਰਿਨ ਗਰੋਵ ਪਾਰਕ ਤੱਕ ਪਹੁੰਚੀ, ਜਿਸ ਵਿੱਚ ਟੋਰਾਂਟੋ ਪੁਲੀਸ ਅਨੁਸਾਰ ਲਗਭਗ 600 ਲੋਕਾਂ ਨੇ ਹਿੱਸਾ ਲਿਆ। ਮਾਈਗ੍ਰੈਂਟ ਵਰਕਰਜ਼ ਅਲਾਇੰਸ ਫਾਰ ਚੇਂਜ ਦੀ ਅਗਵਾਈ ਹੇਠ ਦੇਸ਼ ਭਰ ਵਿੱਚ ਇਸੇ ਮੰਗ ਨੂੰ ਲੈ ਕੇ 11 ਮਾਰਚ ਆਯੋਜਿਤ ਕੀਤੇ ਗਏ।
ਜਥੇਬੰਦੀ ਦੀ ਪ੍ਰਤੀਨਿਧ ਸਰੋਮ ਰੋਹ ਨੇ ਕਿਹਾ ਕਿ ਇਸ ਵੇਲੇ ਕਰੀਬ 17 ਲੱਖ ਲੋਕ ਅਸਥਾਈ ਵਰਕ ਅਤੇ ਸਟੱਡੀ ਪਰਮਿਟਾਂ ’ਤੇ ਕੈਨੇਡਾ ਵਿੱਚ ਰਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੋਕ ਖੇਤੀਬਾੜੀ, ਦੇਖਭਾਲ ਸੇਵਾਵਾਂ ਅਤੇ ਹੋਰ ਮਹੱਤਵਪੂਰਨ ਖੇਤਰਾਂ ਵਿੱਚ ਯੋਗਦਾਨ ਪਾ ਰਹੇ ਹਨ, ਪਰ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਅਜੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ।
ਰੈਲੀ ਵਿੱਚ ਸ਼ਾਮਲ ਕਈ ਪਰਵਾਸੀਆਂ ਨੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ। ਭਾਰਤ ਤੋਂ 2019 ਵਿੱਚ ਕੌਮਾਂਤਰੀ ਵਿਦਿਆਰਥੀ ਵਜੋਂ ਕੈਨੇਡਾ ਪਹੁੰਚੇ ਬਿਕਰਮਜੀਤ ਸਿੰਘ ਨੇ ਕਿਹਾ ਕਿ ਇਮੀਗ੍ਰੇਸ਼ਨ ਸਥਿਤੀ ਦੀ ਅਣਸ਼ਚਿਤਤਾ ਕਾਰਨ ਕਾਮਿਆਂ ਦੇ ਸ਼ੋਸ਼ਣ ਦਾ ਖ਼ਤਰਾ ਵੱਧ ਜਾਂਦਾ ਹੈ। ਉਸ ਨੇ ਦੱਸਿਆ ਕਿ ਉਹ ਇਸ ਸਮੇਂ ਕਲੋਜ਼ਡ ਵਰਕ ਪਰਮਿਟ ’ਤੇ ਹੈ ਅਤੇ ਉਸ ਨੂੰ ਪੀ.ਆਰ. ਹਾਸਲ ਕਰਨ ਲਈ ਕੋਈ ਸਪਸ਼ਟ ਰਸਤਾ ਨਜ਼ਰ ਨਹੀਂ ਆ ਰਿਹਾ।
ਪ੍ਰਦਰਸ਼ਨ ਦੌਰਾਨ ਵਧਦੇ ਕਿਰਾਏ, ਮਹਿੰਗਾਈ ਅਤੇ ਰੁਜ਼ਗਾਰ ਸੁਰੱਖਿਆ ਨਾਲ ਜੁੜੇ ਮੁੱਦੇ ਵੀ ਉਠਾਏ ਗਏ। ਯੂਗਾਂਡਾ ਤੋਂ ਆਈ ਇੱਕ ਗੈਰ-ਦਸਤਾਵੇਜ਼ੀ ਔਰਤ, ਜਿਸ ਨੇ ਆਪਣੀ ਪਛਾਣ ਗੁਪਤ ਰੱਖਦਿਆਂ ‘ਜੇਨ’ ਨਾਮ ਵਰਤਿਆ, ਨੇ ਕਿਹਾ ਕਿ ਉਹ ਪਿਛਲੇ ਛੇ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੀ ਹੈ ਅਤੇ ਆਪਣੇ ਪਰਿਵਾਰ ਨਾਲ ਮਿਲਾਪ ਅਤੇ ਬਰਾਬਰ ਦੇ ਅਧਿਕਾਰਾਂ ਦੀ ਉਮੀਦ ਰੱਖਦੀ ਹੈ।
ਇਹ ਪ੍ਰਦਰਸ਼ਨ ਉਸ ਸਮੇਂ ਹੋਏ ਹਨ ਜਦੋਂ ਕੈਨੇਡਾ ਦੀ ਫੈਡਰਲ ਸਰਕਾਰ ਅਸਥਾਈ ਵਸਨੀਕਾਂ ਦੀ ਗਿਣਤੀ ਘਟਾਉਣ ਅਤੇ ਇਮੀਗ੍ਰੇਸ਼ਨ ਨੀਤੀਆਂ ਨੂੰ ਰਿਹਾਇਸ਼, ਜਨਤਕ ਸੇਵਾਵਾਂ ਅਤੇ ਰੁਜ਼ਗਾਰ ਮਾਰਕੀਟ ਦੀ ਸਮਰੱਥਾ ਨਾਲ ਜੋੜਨ ਵੱਲ ਧਿਆਨ ਦੇ ਰਹੀ ਹੈ। ਸਰਕਾਰ ਦੇ 2026-2028 ਇਮੀਗ੍ਰੇਸ਼ਨ ਪਲਾਨ ਤਹਿਤ ਹਰ ਸਾਲ 3.80 ਲੱਖ ਨਵੇਂ ਪਰਮਾਨੈਂਟ ਰੈਜ਼ੀਡੈਂਟਾਂ ਨੂੰ ਦਾਖ਼ਲਾ ਦੇਣ ਦਾ ਟੀਚਾ ਰੱਖਿਆ ਗਿਆ ਹੈ। ਇਸ ਦੇ ਨਾਲ ਹੀ 2026 ਅਤੇ 2027 ਦੌਰਾਨ 33 ਹਜ਼ਾਰ ਤੱਕ ਅਸਥਾਈ ਕਾਮਿਆਂ ਨੂੰ ਪੀ.ਆਰ. ਵਿੱਚ ਤਬਦੀਲ ਕਰਨ ਦੀ ਯੋਜਨਾ ਵੀ ਐਲਾਨੀ ਗਈ







