ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ ਲਈ ਜਾ ਰਹੇ ਸ਼ਰਧਾਲੂਆਂ ਦੇ ਜਥੇ ਨੂੰ ਰਾਹ ਵਿੱਚ ਰੋਕਿਆ ਗਿਆ

ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਜ਼ੀਰੋ ਲਾਈਨ ਵੱਲ ਜਾ ਰਿਹਾ ਸਿੱਖ ਜਥਾ ਬੀਐਸਐਫ ਨੇ ਰੋਕਿਆ

ਡੇਰਾ ਬਾਬਾ ਨਾਨਕ: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਸਿੱਖ ਸੰਗਤ ਦਾ ਜਥਾ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਅਰਦਾਸ ਕਰਨ ਲਈ ਜ਼ੀਰੋ ਲਾਈਨ ਵੱਲ ਰਵਾਨਾ ਹੋਇਆ, ਪਰ ਬੀਐਸਐਫ ਦੇ ਜਵਾਨਾਂ ਨੇ ਜਥੇ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਸੰਗਤ ਨੇ ਬੈਰੀਕੇਡ ਨੇੜੇ ਬੈਠ ਕੇ ਰਹਿਰਾਸ ਸਾਹਿਬ ਦਾ ਪਾਠ ਕੀਤਾ ਅਤੇ ਕਰਤਾਰਪੁਰ ਲਾਂਘੇ ਦੀ ਬਹਾਲੀ ਤੇ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਲਈ ਅਰਦਾਸ ਕੀਤੀ।

ਜਥੇਦਾਰ ਗੜਗੱਜ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ’ਤੇ ਡੇਰਾ ਬਾਬਾ ਨਾਨਕ ਪਹੁੰਚੇ ਸਨ। ਭਾਰਤ ਅਤੇ ਪਾਕਿਸਤਾਨ ਦੀ ਸਿੱਖ ਸੰਗਤ ਵੱਲੋਂ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਮੰਗ ਨੂੰ ਲੈ ਕੇ ਸਾਂਝਾ ਅਰਦਾਸ ਸਮਾਗਮ ਕਰਵਾਇਆ ਗਿਆ। ਪਾਕਿਸਤਾਨ ਵਾਲੇ ਪਾਸੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਤੋਂ ਜ਼ੀਰੋ ਲਾਈਨ ਤੱਕ ਨਗਰ ਕੀਰਤਨ ਕੱਢਿਆ ਗਿਆ, ਜਦਕਿ ਭਾਰਤੀ ਪਾਸੇ ਵੀ ਡੇਰਾ ਬਾਬਾ ਨਾਨਕ ਵਿਖੇ ਸੰਗਤ ਇਕੱਠੀ ਹੋਈ।

ਜਥੇਦਾਰ ਗੜਗੱਜ ਦੀ ਅਗਵਾਈ ਵਿੱਚ ਸਿੱਖ ਸੰਗਤ ਜਦੋਂ ਜ਼ੀਰੋ ਲਾਈਨ ਵੱਲ ਵਧੀ ਤਾਂ ਬੀਐਸਐਫ ਵੱਲੋਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਬੀਐਸਐਫ ਅਧਿਕਾਰੀਆਂ ਨੇ ਕਿਹਾ ਕਿ ਅਰਦਾਸ ਕਰਨੀ ਹੋਵੇ ਤਾਂ ਨੇੜਲੇ ਗੁਰਦੁਆਰੇ ਵਿੱਚ ਕੀਤੀ ਜਾ ਸਕਦੀ ਹੈ। ਜਥੇਦਾਰ ਨੇ ਅਧਿਕਾਰੀਆਂ ਨੂੰ ਸੀਨੀਅਰ ਪੱਧਰ ’ਤੇ ਗੱਲਬਾਤ ਕਰਕੇ ਘੱਟੋ-ਘੱਟ ਪੰਜ ਸਿੱਖਾਂ ਦੇ ਜਥੇ ਨੂੰ ਜ਼ੀਰੋ ਲਾਈਨ ਤੱਕ ਜਾਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਵਾਲੇ ਪਾਸੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਰੁਮਾਲਾ ਸਾਹਿਬ ਅਤੇ ਪੰਜ ਪਿਆਰਿਆਂ ਲਈ ਸਿਰੋਪਾਓ ਭੇਟ ਕੀਤੇ ਜਾਣੇ ਸਨ। ਹਾਲਾਂਕਿ ਇਸ ਦੀ ਇਜਾਜ਼ਤ ਨਹੀਂ ਮਿਲੀ।

ਜਥੇਦਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਸੰਗਤ ਨੂੰ ਜ਼ੀਰੋ ਲਾਈਨ ’ਤੇ ਜਾ ਕੇ ਅਰਦਾਸ ਕਰਨ ਤੋਂ ਰੋਕਣਾ ਠੀਕ ਨਹੀਂ ਹੈ। ਉਨ੍ਹਾਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਅਪੀਲ ਕੀਤੀ।

ਜ਼ੀਰੋ ਲਾਈਨ ’ਤੇ ਜਾਣ ਸਬੰਧੀ ਪਹਿਲਾਂ ਤੋਂ ਚੱਲ ਰਹੀ ਸੀ ਗੱਲਬਾਤ

ਜਥੇਦਾਰ ਗੜਗੱਜ ਦੇ ਜ਼ੀਰੋ ਲਾਈਨ ਵੱਲ ਜਾਣ ਦੇ ਪ੍ਰੋਗਰਾਮ ਸਬੰਧੀ ਬੀਐਸਐਫ ਅਤੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਨਾਲ ਸਵੇਰ ਤੋਂ ਹੀ ਗੱਲਬਾਤ ਚੱਲ ਰਹੀ ਸੀ। ਹਰਿਮੰਦਰ ਸਾਹਿਬ ਦੇ ਮੈਨੇਜਰ ਰਾਜਿੰਦਰ ਸਿੰਘ ਰੂਬੀ ਅਤੇ ਗੁਰਦੁਆਰਾ ਡੇਰਾ ਬਾਬਾ ਨਾਨਕ ਦੇ ਮੈਨੇਜਰ ਰਣਜੀਤ ਸਿੰਘ ਰਾਹੀਂ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਜਥੇਦਾਰ ਕੁਝ ਸਿੱਖ ਸ਼ਰਧਾਲੂਆਂ ਸਮੇਤ ਜ਼ੀਰੋ ਲਾਈਨ ’ਤੇ ਅਰਦਾਸ ਕਰਨਾ ਚਾਹੁੰਦੇ ਹਨ।

ਇਜਾਜ਼ਤ ਨਾ ਮਿਲਣ ਤੋਂ ਬਾਅਦ ਸੰਗਤ ਬੀਐਸਐਫ ਦੇ ਬੈਰੀਕੇਡ ਸਾਹਮਣੇ ਜ਼ਮੀਨ ’ਤੇ ਬੈਠ ਗਈ। ਉੱਥੇ ਰਹਿਰਾਸ ਸਾਹਿਬ ਦਾ ਪਾਠ ਕਰਨ ਉਪਰੰਤ ਸ਼ਬਦ ਕੀਰਤਨ ਅਤੇ ਅਰਦਾਸ ਕੀਤੀ ਗਈ। ਅਰਦਾਸ ਵਿੱਚ ਕਰਤਾਰਪੁਰ ਲਾਂਘਾ ਜਲਦੀ ਮੁੜ ਖੋਲ੍ਹਣ, ਭਾਰਤ-ਪਾਕਿਸਤਾਨ ਵਿਚਕਾਰ ਸ਼ਾਂਤੀ ਅਤੇ ਪੰਜਾਬ ਰਾਹੀਂ ਸਰਹੱਦ ਪਾਰ ਵਪਾਰ ਬਹਾਲ ਕਰਨ ਦੀ ਕਾਮਨਾ ਕੀਤੀ ਗਈ।

ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖ ਸੰਗਤ ਵੱਲੋਂ ਕਰਤਾਰਪੁਰ ਲਾਂਘੇ ਦੀ ਬਹਾਲੀ ਲਈ ਯਤਨ ਜਾਰੀ ਰੱਖੇ ਜਾਣਗੇ। ਉਨ੍ਹਾਂ ਐਲਾਨ ਕੀਤਾ ਕਿ ਲਾਂਘਾ ਮੁੜ ਖੋਲ੍ਹਣ ਲਈ ਅਰਦਾਸ ਕਰਨ ਵਾਸਤੇ ਉਹ ਹਰ ਮਹੀਨੇ ਸਿੱਖ ਸੰਗਤ ਦੇ ਨਾਲ ਡੇਰਾ ਬਾਬਾ ਨਾਨਕ ਪਹੁੰਚਣਗੇ।

ਕਰਤਾਰਪੁਰ ਲਾਂਘਾ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਬੰਦ ਕੀਤਾ ਗਿਆ ਸੀ।