ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਮੰਗਲਵਾਰ ਰਾਤ ਆਏ ਭੂਚਾਲ ਤੋਂ ਬਾਅਦ ਸੂਬਾ ਸਰਕਾਰ ਨੇ ਭੂਚਾਲ ਤੋਂ ਪਹਿਲਾਂ ਚਿਤਾਵਨੀ ਦੇਣ ਵਾਲੀ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਨਵਾਂ ਕਦਮ ਚੁੱਕਿਆ ਹੈ। ਹੁਣ ਹਰ ਮਹੀਨੇ ਦੀ 9 ਤਰੀਕ ਨੂੰ ਸਵੇਰੇ 11 ਵਜੇ ਭੂਚਾਲ ਚੇਤਾਵਨੀ ਸਾਇਰਨ ਵਜਾ ਕੇ ਸਿਸਟਮ ਦੀ ਜਾਂਚ ਕੀਤੀ ਜਾਵੇਗੀ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਅਧਿਕਾਰੀਆਂ ਮੁਤਾਬਕ ਮੁੱਖ ਸਕੱਤਰ ਆਨੰਦ ਬਰਧਨ ਨੇ ਆਫ਼ਤ ਪ੍ਰਬੰਧਨ ਵਿਭਾਗ ਨੂੰ ਇਸ ਸਬੰਧੀ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਨੇ ਦੇਰ ਸ਼ਾਮ ਆਫ਼ਤ ਪ੍ਰਬੰਧਨ ਸਕੱਤਰ ਵਿਨੋਦ ਕੁਮਾਰ ਸੁਮਨ ਨਾਲ ਮੀਟਿੰਗ ਕਰਕੇ ਸਾਇਰਨ ਟੈਸਟਿੰਗ ਨੂੰ ਨਿਯਮਿਤ ਤੌਰ ’ਤੇ ਕਰਵਾਉਣ ਅਤੇ ਇਸ ਪ੍ਰਣਾਲੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ।
ਮੁੱਖ ਸਕੱਤਰ ਨੇ ਕਿਹਾ ਕਿ ਭੂਚਾਲ ਦੇ ਪੱਖੋਂ ਸੰਵੇਦਨਸ਼ੀਲ ਸੂਬੇ ਵਿੱਚ ਆਫ਼ਤ ਤੋਂ ਪਹਿਲਾਂ ਤਿਆਰੀ ਕਰਨਾ ਅਤੇ ਲੋਕਾਂ ਤੱਕ ਸਮੇਂ ਸਿਰ ਚਿਤਾਵਨੀ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਸਾਇਰਨਾਂ ਅਤੇ ਸੈਂਸਰਾਂ ਦੀ ਨਿਯਮਤ ਜਾਂਚ ਕਰਨ ਦੇ ਨਾਲ-ਨਾਲ ਜਿੱਥੇ ਲੋੜ ਹੋਵੇ, ਉੱਥੇ ਵਾਧੂ ਉਪਕਰਣ ਲਗਾਉਣ ਦੇ ਵੀ ਨਿਰਦੇਸ਼ ਦਿੱਤੇ।
ਆਫ਼ਤ ਪ੍ਰਬੰਧਨ ਸਕੱਤਰ ਵਿਨੋਦ ਕੁਮਾਰ ਸੁਮਨ ਨੇ ਦੱਸਿਆ ਕਿ ਇਸ ਸਮੇਂ ਸੂਬੇ ਵਿੱਚ ਭੂਚਾਲ ਅਰਲੀ ਵਾਰਨਿੰਗ ਸਿਸਟਮ ਤਹਿਤ 169 ਸੈਂਸਰ ਅਤੇ 112 ਸਾਇਰਨ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਉੱਤਰਾਖੰਡ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (USDMA) ਵੱਲੋਂ IIT ਰੁੜਕੀ ਦੇ ਸਹਿਯੋਗ ਨਾਲ ਹੋਰ ਸੈਂਸਰ ਸਥਾਪਤ ਕਰਨ ਦੀ ਯੋਜਨਾ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮੰਗਲਵਾਰ ਰਾਤ ਚਮੋਲੀ ਜ਼ਿਲ੍ਹੇ ਦੇ ਥਰਾਲੀ ਨੇੜੇ ਆਏ 4.9 ਤੀਬਰਤਾ ਵਾਲੇ ਭੂਚਾਲ ਦੌਰਾਨ ਵੀ ਅਰਲੀ ਵਾਰਨਿੰਗ ਸਿਸਟਮ ਨੇ ਆਪਣਾ ਕੰਮ ਕੀਤਾ।
ਹਰ ਮਹੀਨੇ ਸਾਇਰਨ ਟੈਸਟ ਕਰਨ ਦਾ ਇੱਕ ਮੁੱਖ ਮਕਸਦ ਲੋਕਾਂ ਨੂੰ ਇਸ ਦੀ ਆਵਾਜ਼ ਨਾਲ ਜਾਣੂ ਕਰਵਾਉਣਾ ਹੈ। ਅਧਿਕਾਰੀਆਂ ਮੁਤਾਬਕ ਜਦੋਂ ਭਵਿੱਖ ਵਿੱਚ ਅਸਲ ਭੂਚਾਲ ਦੌਰਾਨ ਸਾਇਰਨ ਵੱਜੇ ਤਾਂ ਲੋਕ ਤੁਰੰਤ ਸਮਝ ਸਕਣ ਕਿ ਇਹ ਖ਼ਤਰੇ ਦੀ ਚਿਤਾਵਨੀ ਹੈ ਅਤੇ ਘਬਰਾਉਣ ਦੀ ਬਜਾਏ ਸੁਰੱਖਿਅਤ ਥਾਂ ’ਤੇ ਜਾਣ ਸਮੇਤ ਲੋੜੀਂਦੇ ਕਦਮ ਚੁੱਕ ਸਕਣ।
ਵਿਨੋਦ ਕੁਮਾਰ ਸੁਮਨ ਨੇ ਲੋਕਾਂ ਨੂੰ ‘ਭੂਦੇਵ’ ਅਤੇ ‘ਸਚੇਤ’ ਐਪ ਦੇ ਨਵੇਂ ਵਰਜ਼ਨ ਆਪਣੇ ਮੋਬਾਈਲ ਫੋਨਾਂ ਵਿੱਚ ਰੱਖਣ ਅਤੇ ਇਨ੍ਹਾਂ ਐਪਸ ਨੂੰ ਲੋੜੀਂਦੀ ਲੋਕੇਸ਼ਨ ਪਰਮਿਸ਼ਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਹਰ ਮਹੀਨੇ 9 ਤਰੀਕ ਨੂੰ ਸਵੇਰੇ 11 ਵਜੇ ਵੱਜਣ ਵਾਲਾ ਸਾਇਰਨ ਸਿਰਫ਼ ਸਿਸਟਮ ਦੀ ਜਾਂਚ ਲਈ ਹੋਵੇਗਾ, ਇਸ ਲਈ ਲੋਕਾਂ ਨੂੰ ਇਸ ਦੌਰਾਨ ਘਬਰਾਉਣ ਦੀ ਲੋੜ ਨਹੀਂ ਹੈ।







