ਈਡੀ ਦੀ ਕਾਰਵਾਈ: ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਦੇ ਘਰ ਪਹੁੰਚੀ ਟੀਮ

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਗੁਰਪ੍ਰੀਤ ਸਿੰਘ ਪ੍ਰਿੰਸ ਦੇ ਨਿਵਾਸ ਸਥਾਨ ’ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਜਾਣਕਾਰੀ ਅਨੁਸਾਰ ਇਹ ਕਾਰਵਾਈ ਦੁਪਹਿਰ ਕਰੀਬ 2:30 ਵਜੇ ਸ਼ੁਰੂ ਹੋਈ ਅਤੇ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ। ਈਡੀ ਦੇ ਅਧਿਕਾਰੀਆਂ ਦੇ ਪੁਲਿਸ ਨਾਲ ਮੌਕੇ ’ਤੇ ਪਹੁੰਚਣ ਮਗਰੋਂ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣ ਗਿਆ।

ਸੂਤਰਾਂ ਮੁਤਾਬਕ ਗੁਰਪ੍ਰੀਤ ਸਿੰਘ ਪ੍ਰਿੰਸ ਨੂੰ ਅਕਸਰ ਆਪਣੇ ਮਾਮੇ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਵੱਖ-ਵੱਖ ਸਮਾਗਮਾਂ ਦੌਰਾਨ ਦੇਖਿਆ ਜਾਂਦਾ ਰਿਹਾ ਹੈ। ਪਰਿਵਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਿੰਸ ਸਾਹਨੇਵਾਲ ਖੇਤਰ ਵਿੱਚ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ, ਜਦਕਿ ਉਸ ਦੀ ਪਤਨੀ ਧਨਾਸੂ ਸਥਿਤ ਇੱਕ ਉਦਯੋਗਿਕ ਇਕਾਈ ਵਿੱਚ ਨੌਕਰੀ ਕਰਦੀ ਹੈ।

ਸੂਤਰਾਂ ਅਨੁਸਾਰ ਪ੍ਰਿੰਸ ਦੇ ਜਲਦ ਹੀ ਨਿਊਜ਼ੀਲੈਂਡ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਜਿਸ ਕਾਰਨ ਇਸ ਛਾਪੇਮਾਰੀ ਨੇ ਸਥਾਨਕ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਜਿਸ ਕਲੋਨੀ ਵਿੱਚ ਰਹਿੰਦਾ ਹੈ, ਉਸ ਦਾ ਸਬੰਧ ਕਥਿਤ ਤੌਰ ’ਤੇ ਮੰਤਰੀ ਨਾਲ ਜੋੜਿਆ ਜਾਂਦਾ ਹੈ ਅਤੇ ਇਲਾਕੇ ਵਿੱਚ ਉਨ੍ਹਾਂ ਦਾ ਇੱਕ ਫਾਰਮਹਾਊਸ ਵੀ ਮੌਜੂਦ ਹੈ।

ਹਾਲਾਂਕਿ ਈਡੀ ਵੱਲੋਂ ਇਸ ਕਾਰਵਾਈ ਦੇ ਕਾਰਨਾਂ ਜਾਂ ਜਾਂਚ ਦੇ ਦਾਇਰੇ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਤਲਾਸ਼ੀ ਮੁਹਿੰਮ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।