ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, 27 ਜੁਲਾਈ 2025 ਨੂੰ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਰਹਿ ਗਈਆਂ ਸੀਟਾਂ ਲਈ ਚੋਣਾਂ ਕਰਵਾਈਆਂ ਜਾਣਗੀਆਂ। ਪੰਜਾਬ ਚੋਣ ਕਮਿਸ਼ਨ ਐਕਟ 1994 ਦੀ ਧਾਰਾ 110 ਅਤੇ ਪੰਜਾਬ ਪੰਚਾਇਤ ਚੋਣ ਨਿਯਮ 48 ਦੇ ਤਹਿਤ, ਉਮੀਦਵਾਰਾਂ ਦੇ ਸਮਰਥਕਾਂ, ਰਿਸ਼ਤੇਦਾਰਾਂ ਜਾਂ ਚੋਣ ਮੁਹਿੰਮ ਲਈ ਆਏ ਹੋਏ ਵਿਅਕਤੀਆਂ ਨੂੰ ਚੋਣ ਪ੍ਰਚਾਰ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਹਲਕੇ ਦੀ ਹੱਦ ਤੋਂ ਬਾਹਰ ਜਾਣ ਦੇ ਹੁਕਮ ਦਿੱਤੇ ਗਏ ਹਨ।
ਜ਼ਿਲ੍ਹਾ ਮੈਜਿਸਟਰੇਟ ਫ਼ਰੀਦਕੋਟ, ਪੁਨਮਦੀਪ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਆਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਹਰਲੇ ਸਮਰਥਕ ਜਾਂ ਰਿਸ਼ਤੇਦਾਰ ਜੇ ਚੋਣ ਹਲਕਿਆਂ ‘ਚ ਮੌਜੂਦ ਰਹਿੰਦੇ ਹਨ ਤਾਂ ਇਹ ਵੋਟਿੰਗ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਕਰਕੇ, ਅਮਨ ਅਤੇ ਸੂਚਿਤ ਚੋਣਾਂ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਹਲਕੇ ਤੋਂ ਬਾਹਰ ਜਾਣਾ ਲਾਜ਼ਮੀ ਹੈ।
ਇਹ ਹੁਕਮ ਕੇਵਲ ਚੋਣ ਵਾਲੇ ਪਿੰਡਾਂ ਵਿੱਚ 27 ਜੁਲਾਈ 2025 ਤੱਕ ਲਾਗੂ ਰਹੇਗਾ ਅਤੇ ਸਿਰਫ਼ ਡਿਊਟੀ ‘ਤੇ ਤੈਨਾਤ ਸਿਵਲ, ਪੁਲਿਸ ਜਾਂ ਚੋਣ ਅਧਿਕਾਰੀਆਂ ਉੱਤੇ ਲਾਗੂ ਨਹੀਂ ਹੋਵੇਗਾ। ਇਸ ਦੀ ਪਾਲਣਾ ਕਰਵਾਉਣ ਦੀ ਜ਼ਿੰਮੇਵਾਰੀ ਸੀਨੀਅਰ ਕਪਤਾਨ ਪੁਲਸ ਫ਼ਰੀਦਕੋਟ ਨੂੰ ਸੌਂਪੀ ਗਈ ਹੈ।