ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ, ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ

ਜਥੇਦਾਰ ਅਤੇ ਸਿੱਖ ਸੰਸਥਾਵਾਂ ਬਾਰੇ ਟਿੱਪਣੀਆਂ ਦੇ ਮਾਮਲੇ ’ਚ ਕਾਰਵਾਈ; ਸੰਗਤ ਨੂੰ ਵਿਧਾਇਕ ਨਾਲ ਸਾਂਝ ਨਾ ਰੱਖਣ ਦੀ ਹਦਾਇਤ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਜਾਰੀ ਕੀਤੇ ਗਏ ਇਸ ਆਦੇਸ਼ ਵਿੱਚ ਸਿੱਖ ਸੰਗਤ ਨੂੰ ਵਿਧਾਇਕ ਨਾਲ ਸਾਂਝ ਰੱਖਣ ਤੋਂ ਗੁਰੇਜ਼ ਕਰਨ ਦੀ ਹਦਾਇਤ ਕੀਤੀ ਗਈ ਹੈ। ਇਹ ਕਾਰਵਾਈ ਜਥੇਦਾਰ ਅਤੇ ਸਿੱਖ ਸੰਸਥਾਵਾਂ ਬਾਰੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਕਥਿਤ ਅਪਮਾਨਜਨਕ ਟਿੱਪਣੀਆਂ ਦੇ ਮੱਦੇਨਜ਼ਰ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ, ਇਹ ਫ਼ੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਾਅਦ ਦੁਪਹਿਰ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਲਿਆ ਗਿਆ। ਇਸ ਮੌਕੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਪਰਵਿੰਦਰਪਾਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਬਖ਼ਸ਼ੀਸ਼ ਸਿੰਘ ਅਤੇ ਪੰਜ ਪਿਆਰਿਆਂ ਵਿੱਚੋਂ ਭਾਈ ਪਰਮਜੀਤ ਸਿੰਘ ਹਾਜ਼ਰ ਸਨ।

ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ 12 ਅਕਤੂਬਰ ਨੂੰ ਵਾਪਰੀ ਘਟਨਾ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਸਪਸ਼ਟੀਕਰਨ ਸੌਂਪਿਆ ਸੀ। ਇਸ ਦੌਰਾਨ ਉਨ੍ਹਾਂ ਨੇ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਲਾਏ ਗਏ ਦੋਸ਼ਾਂ ਤੋਂ ਕਿਨਾਰਾ ਕੀਤਾ ਸੀ।

ਜੀਵਨ ਸਿੰਘ ਬਗੀਚੀ ਵਾਲੇ ਦੇ ਪ੍ਰਚਾਰ ਅਤੇ ਕੀਰਤਨ ’ਤੇ ਰੋਕ

ਇਸੇ ਇਕੱਤਰਤਾ ਦੌਰਾਨ ਸਿੱਖ ਪ੍ਰਚਾਰਕ ਜੀਵਨ ਸਿੰਘ ਬਗੀਚੀ ਵਾਲੇ ਵਿਰੁੱਧ ਵੀ ਆਦੇਸ਼ ਜਾਰੀ ਕੀਤਾ ਗਿਆ। ਉਨ੍ਹਾਂ ’ਤੇ ਸਿੱਖੀ ਵਿਰੋਧੀ ਪ੍ਰਚਾਰ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੁਣੌਤੀ ਦੇਣ ਦੇ ਦੋਸ਼ਾਂ ਦੇ ਮੱਦੇਨਜ਼ਰ ਉਨ੍ਹਾਂ ਦੇ ਪ੍ਰਚਾਰ ਕਰਨ ਅਤੇ ਕੀਰਤਨ ਕਰਨ ’ਤੇ ਰੋਕ ਲਗਾ ਦਿੱਤੀ ਗਈ ਹੈ।

ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਦੀ ਮਦਦ ਕਰਨ ਦੀ ਅਪੀਲ

ਇਸ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਸ਼ਾ ਤਸਕਰਾਂ ਦਾ ਵਿਰੋਧ ਕਰਦਿਆਂ ਜਾਨ ਗੁਆਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਦੀ ਮਦਦ ਕਰਨ ਲਈ ਵੀ ਸਿੱਖ ਸੰਗਤ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਾਂਝੇ ਯਤਨ ਕਰਨ ਦੀ ਲੋੜ ਹੈ।

ਇਸ ਮੌਕੇ ਜਥੇਦਾਰ ਗਿਆਨੀ ਟੇਕ ਸਿੰਘ ਧਨੌਲਾ, ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਅਤੇ ਹੋਰ ਸਿੰਘ ਸਾਹਿਬਾਨ ਵੀ ਮੌਜੂਦ ਸਨ।