ਚੰਡੀਗੜ੍ਹ ’ਚ ਅਨੋਖਾ ਉਪਰਾਲਾ: ਅੱਜ ਵੰਡੇ ਜਾਣਗੇ ਮੁਫ਼ਤ ਪੈਟਰੋਲ ਕੂਪਨ, ਲੋਕਾਂ ਲਈ ਖਾਸ ਪ੍ਰਬੰਧ
ਚੰਡੀਗੜ੍ਹ ਵਿੱਚ ਅੱਜ ਇੱਕ ਵਿਲੱਖਣ ਸਮਾਜ ਸੇਵੀ ਪਹਿਲ ਦੇਖਣ ਨੂੰ ਮਿਲੇਗੀ, ਜਿੱਥੇ ਰਵਾਇਤੀ ਲੰਗਰ ਦੀ ਥਾਂ ਲੋਕਾਂ ਨੂੰ ਵਾਹਨਾਂ ਲਈ ਮੁਫ਼ਤ ਪੈਟਰੋਲ ਕੂਪਨ ਮੁਹੱਈਆ ਕਰਵਾਏ ਜਾਣਗੇ। ਅੰਮ੍ਰਿਤਸਰ ਦੇ ਸਮਾਜ ਸੇਵੀ ਰਾਕੇਸ਼ ਤਰੇਹਨ, ਜੋ ‘ਰਾਜਾ ਦਿ ਕਿੰਗ’ ਦੇ ਨਾਂ ਨਾਲ ਜਾਣੇ ਜਾਂਦੇ ਹਨ, ਵੱਲੋਂ ਇਸ ਖਾਸ ‘ਪੈਟਰੋਲ ਲੰਗਰ’ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਮੁਹਿੰਮ ਅੱਜ ਸ਼ਾਮ 5 ਵਜੇ ਚੰਡੀਗੜ੍ਹ ਦੇ ਸੈਕਟਰ-7 ਅਤੇ ਸੈਕਟਰ-10 ਦੇ ਚੁਣੇ ਹੋਏ ਪੈਟਰੋਲ ਪੰਪਾਂ ’ਤੇ ਚਲਾਈ ਜਾਵੇਗੀ। ਇਸ ਦੌਰਾਨ ਆਉਣ ਵਾਲੇ ਲੋਕਾਂ ਨੂੰ 500 ਤੋਂ 1000 ਰੁਪਏ ਤੱਕ ਦੇ ਪੈਟਰੋਲ ਕੂਪਨ ਦਿੱਤੇ ਜਾਣਗੇ, ਜਿਨ੍ਹਾਂ ਦੀ ਵਰਤੋਂ ਤੁਰੰਤ ਤੇਲ ਭਰਵਾਉਣ ਲਈ ਕੀਤੀ ਜਾ ਸਕੇਗੀ।
ਵਧਦੀਆਂ ਮਹਿੰਗਾਈ ਦਰਾਂ ਅਤੇ ਰੋਜ਼ਾਨਾ ਦੇ ਖ਼ਰਚਿਆਂ ਦੇ ਮੱਦੇਨਜ਼ਰ ਇਹ ਉਪਰਾਲਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਰਾਕੇਸ਼ ਤਰੇਹਨ ਵੱਲੋਂ ਚੰਡੀਗੜ੍ਹ ਦੇ ਸੈਕਟਰ-8 ਵਿੱਚ ਇੱਕ ਵਿਲੱਖਣ ਪ੍ਰੋਗਰਾਮ ਤਹਿਤ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਦੇ ਨਾਲ 500-500 ਰੁਪਏ ਨਕਦ ਵੰਡੇ ਗਏ ਸਨ।
ਰਾਕੇਸ਼ ਤਰੇਹਨ ਨੇ ਦੱਸਿਆ ਕਿ ਭਵਿੱਖ ਵਿੱਚ ਉਹ ‘ਆਈਫੋਨ ਲੰਗਰ’ ਵਰਗਾ ਹੋਰ ਨਵਾਂ ਉਪਰਾਲਾ ਵੀ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਸ ਤਹਿਤ ਲੋਕਾਂ ਨੂੰ ਮੁਫ਼ਤ ਸਮਾਰਟਫੋਨ ਦਿੱਤੇ ਜਾਣਗੇ।
ਆਪਣੇ ਸਮਾਜ ਸੇਵੀ ਕਾਰਜਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਦੇ ਟੈਕਸਟਾਈਲ ਕਾਰੋਬਾਰ ਨਾਲ ਜੁੜੇ ਹੋਏ ਹਨ ਅਤੇ ਕ੍ਰਿਪਟੋਕਰੰਸੀ ਟਰੇਡਿੰਗ ਤੋਂ ਹੋਣ ਵਾਲੀ ਆਮਦਨ ਦਾ ਇੱਕ ਹਿੱਸਾ ਲੋਕ ਭਲਾਈ ਲਈ ਖਰਚ ਕਰਦੇ ਹਨ। ਪੈਟਰੋਲ, ਨਕਦੀ ਅਤੇ ਸਮਾਰਟਫੋਨ ਵਰਗੇ ਲੰਗਰਾਂ ਦੀ ਇਹ ਨਵੀਂ ਸੋਚ ਚੰਡੀਗੜ੍ਹ ਸਮੇਤ ਸੋਸ਼ਲ ਮੀਡੀਆ ’ਤੇ ਵੀ ਖੂਬ ਚਰਚਾ ਦਾ ਕਾਰਨ ਬਣੀ ਹੋਈ ਹੈ।







