UK Sikh Attack: ਸਿੱਖ ਬੱਸ ਡਰਾਈਵਰ ’ਤੇ ਹਮਲੇ ਦੀ ਵੀਡੀਓ ਵਾਇਰਲ, ਦਾੜ੍ਹੀ ਪੁੱਟਣ ਦੇ ਦੋਸ਼

UK Sikh Attack: ਟੈਲਫੋਰਡ ’ਚ ਸਿੱਖ ਬੱਸ ਡਰਾਈਵਰ ’ਤੇ ਹਮਲਾ, ਬੱਸ ਲੈ ਕੇ ਕਈ ਵਾਹਨਾਂ ਨੂੰ ਮਾਰੀ ਟੱਕਰ

ਟੈਲਫੋਰਡ (ਯੂ.ਕੇ.): ਸ਼੍ਰੋਪਸ਼ਾਇਰ ਦੇ ਟੈਲਫੋਰਡ ਸ਼ਹਿਰ ਦੇ ਮੇਡਲੀ ਇਲਾਕੇ ਵਿੱਚ ਇੱਕ ਸਿੱਖ ਬੱਸ ਡਰਾਈਵਰ ’ਤੇ ਹਮਲੇ ਮਗਰੋਂ ਬੱਸ ਖੋਹ ਕੇ ਉਸ ਨੂੰ ਗਲਤ ਦਿਸ਼ਾ ਵਿੱਚ ਚਲਾਉਣ ਅਤੇ ਕਈ ਵਾਹਨਾਂ ਨਾਲ ਟੱਕਰ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਵੈਸਟ ਮਰਸੀਆ ਪੁਲੀਸ ਮੁਤਾਬਕ, ਇਹ ਘਟਨਾ ਸ਼ੁੱਕਰਵਾਰ, 18 ਸਤੰਬਰ ਦੀ ਸ਼ਾਮ ਕਰੀਬ 6.37 ਵਜੇ ਕੋਰਟ ਸਟ੍ਰੀਟ ’ਤੇ ਵਾਪਰੀ।

ਪੁਲੀਸ ਅਨੁਸਾਰ, ਇੱਕ ਵਿਅਕਤੀ ਨੇ ਬੱਸ ਡਰਾਈਵਰ ’ਤੇ ਹਮਲਾ ਕੀਤਾ ਅਤੇ ਉਸ ਨੂੰ ਬੱਸ ਵਿੱਚੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਬੱਸ ’ਤੇ ਕਬਜ਼ਾ ਕਰ ਲਿਆ ਅਤੇ ਪਾਰਕ ਵੇਅ ਤੋਂ ਹਾਈ ਸਟ੍ਰੀਟ ਵੱਲ ਸੜਕ ਦੇ ਗਲਤ ਪਾਸੇ ਬੱਸ ਚਲਾਈ। ਇਸ ਦੌਰਾਨ ਬੱਸ ਦੀ ਕਈ ਹੋਰ ਵਾਹਨਾਂ ਨਾਲ ਟੱਕਰ ਹੋਈ।

ਵਾਇਰਲ ਹੋਈ ਵੀਡੀਓ ਨੂੰ ਲੈ ਕੇ ਸਾਹਮਣੇ ਆ ਰਹੀਆਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਮਲੇ ਦੌਰਾਨ ਸਿੱਖ ਡਰਾਈਵਰ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਦਾੜ੍ਹੀ ਵੀ ਖਿੱਚੀ ਗਈ। ਹਾਲਾਂਕਿ, ਪੁਲੀਸ ਦੀ ਅਧਿਕਾਰਤ ਜਾਣਕਾਰੀ ਵਿੱਚ ਹਮਲੇ ਦੇ ਮੰਤਵ ਜਾਂ ਨਸਲੀ ਕਾਰਨ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਬੱਸ ਨੂੰ ਰੋਕਿਆ ਅਤੇ 20 ਸਾਲ ਦੀ ਉਮਰ ਵਾਲੇ ਇੱਕ ਵਿਅਕਤੀ ਨੂੰ ਲੁੱਟਖੋਹ (robbery) ਅਤੇ ਖ਼ਤਰਨਾਕ ਡਰਾਈਵਿੰਗ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕਰ ਲਿਆ। ਪੁਲੀਸ ਮੁਤਾਬਕ ਉਹ ਜਾਂਚ ਜਾਰੀ ਰਹਿਣ ਤੱਕ ਹਿਰਾਸਤ ਵਿੱਚ ਹੈ।

ਘਟਨਾ ਵਿੱਚ ਬੱਸ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਸ ਦਾ ਪੈਰਾਮੈਡਿਕਸ ਵੱਲੋਂ ਇਲਾਜ ਕੀਤਾ ਗਿਆ। ਪੁਲੀਸ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਕਿਸੇ ਹੋਰ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਨਹੀਂ ਹੈ। ਅਧਿਕਾਰੀਆਂ ਨੇ ਮੌਕੇ ’ਤੇ ਮੌਜੂਦ ਲੋਕਾਂ ਅਤੇ ਘਟਨਾ ਦੀ ਡੈਸ਼ਕੈਮ, ਸੀਸੀਟੀਵੀ, ਮੋਬਾਈਲ ਜਾਂ ਡੋਰਬੈੱਲ ਕੈਮਰਾ ਫੁਟੇਜ ਵਾਲੇ ਲੋਕਾਂ ਤੋਂ ਪੁਲੀਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਫੈਲਣ ਮਗਰੋਂ ਸਿੱਖ ਅਤੇ ਪੰਜਾਬੀ ਭਾਈਚਾਰੇ ਵਿੱਚ ਰੋਸ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਭਾਈਚਾਰੇ ਨਾਲ ਜੁੜੇ ਲੋਕਾਂ ਵੱਲੋਂ ਦੋਸ਼ੀ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ, ਇਸ ਪੜਾਅ ’ਤੇ ਘਟਨਾ ਨੂੰ ਨਸਲੀ ਜਾਂ ਨਫ਼ਰਤੀ ਅਪਰਾਧ ਕਰਾਰ ਦੇਣ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।