UGC NET Exam: ਖਾਮੀਆਂ ਮਗਰੋਂ ਮੁੜ ਹੋਇਆ ਇਮਤਿਹਾਨ, ਨਤੀਜਾ ਹੋਇਆ ਜਾਰੀ

UGC-NET Result: ਅੰਗਰੇਜ਼ੀ, ਕਾਮਰਸ ਤੇ ਸਮਾਜ ਸ਼ਾਸਤਰ ਦੀ ਮੁੜ ਪ੍ਰੀਖਿਆ ਦਾ ਨਤੀਜਾ ਜਾਰੀ

ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸ਼ੁੱਕਰਵਾਰ ਨੂੰ UGC-NET ਜੂਨ 2026 ਦੇ ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ ਵਿਸ਼ਿਆਂ ਦੀ ਮੁੜ ਕਰਵਾਈ ਗਈ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਇਹ ਪ੍ਰੀਖਿਆ ਪਹਿਲਾਂ ਹੋਏ ਇਮਤਿਹਾਨ ਵਿੱਚ ਪ੍ਰਸ਼ਨ ਪੱਤਰਾਂ ਸਬੰਧੀ ਮਿਲੀਆਂ ਖਾਮੀਆਂ ਅਤੇ ਗਲਤੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਦੁਬਾਰਾ ਲਈ ਗਈ ਸੀ।

ਐੱਨਟੀਏ ਨੇ ‘ਐਕਸ’ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਤਿੰਨਾਂ ਵਿਸ਼ਿਆਂ ਦੇ ਰਿਜ਼ਲਟ ਹੁਣ ਉਮੀਦਵਾਰਾਂ ਲਈ ਉਪਲਬਧ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਪਣਾ ਸਕੋਰ ਕਾਰਡ ਵੇਖਣ ਅਤੇ ਡਾਊਨਲੋਡ ਕਰ ਸਕਦੇ ਹਨ।

ਕਦੋਂ ਹੋਈ ਸੀ ਮੁੜ ਪ੍ਰੀਖਿਆ

ਐੱਨਟੀਏ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਅੰਗਰੇਜ਼ੀ ਦਾ ਮੁੜ ਪੇਪਰ 9 ਸਤੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਪਹਿਲੀ ਸ਼ਿਫਟ ਵਿੱਚ ਕਰਵਾਇਆ ਗਿਆ ਸੀ। ਇਸੇ ਦਿਨ ਕਾਮਰਸ ਦਾ ਪੇਪਰ ਦੂਜੀ ਸ਼ਿਫਟ ਵਿੱਚ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਲਿਆ ਗਿਆ।

ਸਮਾਜ ਸ਼ਾਸਤਰ ਦੀ ਪ੍ਰੀਖਿਆ 10 ਸਤੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਪਹਿਲੀ ਸ਼ਿਫਟ ਵਿੱਚ ਹੋਈ ਸੀ।

87 ਵਿਸ਼ਿਆਂ ਲਈ ਕਰਵਾਈ ਗਈ ਸੀ UGC-NET ਪ੍ਰੀਖਿਆ

ਜ਼ਿਕਰਯੋਗ ਹੈ ਕਿ NTA ਨੇ ਜੂਨੀਅਰ ਰਿਸਰਚ ਫੈਲੋਸ਼ਿਪ (JRF), ਅਸਿਸਟੈਂਟ ਪ੍ਰੋਫੈਸਰ ਦੀ ਯੋਗਤਾ ਅਤੇ ਪੀਐੱਚਡੀ ਪ੍ਰੋਗਰਾਮਾਂ ਵਿੱਚ ਦਾਖ਼ਲੇ ਲਈ UGC-NET ਜੂਨ 2026 ਦੀ ਪ੍ਰੀਖਿਆ 22 ਤੋਂ 30 ਜੂਨ ਤੱਕ ਕਰਵਾਈ ਸੀ। ਇਸ ਦੌਰਾਨ ਕੁੱਲ 87 ਵਿਸ਼ਿਆਂ ਦੇ ਪੇਪਰ ਲਏ ਗਏ ਸਨ।

ਤਿੰਨ ਵਿਸ਼ਿਆਂ ਦੇ ਪ੍ਰਸ਼ਨ ਪੱਤਰਾਂ ਵਿੱਚ ਖਾਮੀਆਂ ਦੀਆਂ ਸ਼ਿਕਾਇਤਾਂ ਮਿਲਣ ਮਗਰੋਂ ਐੱਨਟੀਏ ਨੇ ਇਨ੍ਹਾਂ ਲਈ ਮੁੜ ਪ੍ਰੀਖਿਆ ਕਰਵਾਈ ਸੀ, ਜਿਸ ਦਾ ਹੁਣ ਨਤੀਜਾ ਐਲਾਨ ਦਿੱਤਾ ਗਿਆ ਹੈ।