Sher-E-Punjab T20: ਆਖ਼ਰੀ ਗੇਂਦ ’ਤੇ ਮੁਹਾਲੀ ਕਿੰਗਜ਼ ਦੀ ਰੋਮਾਂਚਕ ਜਿੱਤ, ਲੁਧਿਆਣਾ ਲਾਇਨਜ਼ ਨੂੰ 4 ਵਿਕਟਾਂ ਨਾਲ ਹਰਾਇਆ
ਮੁਹਾਲੀ: ਆਈ.ਐੱਸ. ਬਿੰਦਰਾ ਪੀ.ਸੀ.ਏ. ਕ੍ਰਿਕਟ ਸਟੇਡੀਅਮ ਵਿੱਚ ਜਾਰੀ ਸ਼ੇਰ-ਏ-ਪੰਜਾਬ ਟੀ-20 ਲੀਗ ਦੇ ਰੋਮਾਂਚਕ ਮੁਕਾਬਲੇ ਵਿੱਚ ਮੁਹਾਲੀ ਕਿੰਗਜ਼ ਨੇ ਆਖ਼ਰੀ ਗੇਂਦ ’ਤੇ ਲੁਧਿਆਣਾ ਲਾਇਨਜ਼ ਨੂੰ ਚਾਰ ਵਿਕਟਾਂ ਨਾਲ ਮਾਤ ਦਿੱਤੀ। ਲੁਧਿਆਣਾ ਵੱਲੋਂ ਦਿੱਤੇ 214 ਦੌੜਾਂ ਦੇ ਟੀਚੇ ਨੂੰ ਮੁਹਾਲੀ ਦੀ ਟੀਮ ਨੇ ਮੈਚ ਦੀ ਆਖ਼ਰੀ ਗੇਂਦ ’ਤੇ ਹਾਸਲ ਕਰ ਲਿਆ।
ਟਾਸ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਲੁਧਿਆਣਾ ਲਾਇਨਜ਼ ਨੇ ਨਿਰਧਾਰਤ 20 ਓਵਰਾਂ ਵਿੱਚ ਛੇ ਵਿਕਟਾਂ ਗੁਆ ਕੇ 213 ਦੌੜਾਂ ਬਣਾਈਆਂ। ਟੀਮ ਵੱਲੋਂ ਅਰਜੁਨ ਰਾਜਪੂਤ ਨੇ 78 ਦੌੜਾਂ ਅਤੇ ਅਭਿਜੀਤ ਗਰਗ ਨੇ 77 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਦੋਵਾਂ ਨੇ ਤੀਜੀ ਵਿਕਟ ਲਈ 131 ਦੌੜਾਂ ਦੀ ਮਜ਼ਬੂਤ ਭਾਈਵਾਲੀ ਕਰਕੇ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ।
ਟੀਚੇ ਦਾ ਪਿੱਛਾ ਕਰਨ ਉਤਰੀ ਮੁਹਾਲੀ ਕਿੰਗਜ਼ ਲਈ ਕਪਤਾਨ ਰਮਨਦੀਪ ਸਿੰਘ ਨੇ 85 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਦਕਿ ਅਨਮੋਲਪ੍ਰੀਤ ਸਿੰਘ ਨੇ 50 ਦੌੜਾਂ ਦਾ ਯੋਗਦਾਨ ਪਾਇਆ। ਦੋਵਾਂ ਦੀਆਂ ਪਾਰੀਆਂ ਦੀ ਬਦੌਲਤ ਮੁਹਾਲੀ ਨੇ ਆਖ਼ਰੀ ਗੇਂਦ ’ਤੇ ਟੀਚਾ ਪੂਰਾ ਕਰਦਿਆਂ ਰੋਮਾਂਚਕ ਜਿੱਤ ਦਰਜ ਕੀਤੀ।
ਫ਼ਾਜ਼ਿਲਕਾ ਫਾਲਕਨਜ਼ ਨੇ ਵੀ ਲੁਧਿਆਣਾ ਨੂੰ ਇੱਕ ਦੌੜ ਨਾਲ ਹਰਾਇਆ
ਇਸ ਤੋਂ ਪਹਿਲਾਂ ਬੀਤੀ ਰਾਤ ਹੋਏ ਮੁਕਾਬਲੇ ਵਿੱਚ ਫ਼ਾਜ਼ਿਲਕਾ ਫਾਲਕਨਜ਼ ਨੇ ਲੁਧਿਆਣਾ ਲਾਇਨਜ਼ ਨੂੰ ਮਹਿਜ਼ ਇੱਕ ਦੌੜ ਦੇ ਫ਼ਰਕ ਨਾਲ ਹਰਾ ਦਿੱਤਾ। ਫ਼ਾਜ਼ਿਲਕਾ ਵੱਲੋਂ ਆਪਣਾ ਪਹਿਲਾ ਮੈਚ ਖੇਡ ਰਹੇ ਸ਼ੁਭਮਨ ਗਿੱਲ ਨੇ 40 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡੀ, ਜਿਸ ਲਈ ਉਨ੍ਹਾਂ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ।
ਫ਼ਾਜ਼ਿਲਕਾ ਵੱਲੋਂ ਦਿੱਤੇ 170 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਲੁਧਿਆਣਾ ਦੀ ਟੀਮ ਨੂੰ ਆਖ਼ਰੀ ਗੇਂਦ ’ਤੇ ਜਿੱਤ ਲਈ ਛੇ ਦੌੜਾਂ ਦੀ ਲੋੜ ਸੀ। ਕ੍ਰਿਸ਼ ਭਗਤ ਅਤੇ ਮਾਧਵ ਪਠਾਨੀਆ ਨੇ 29 ਗੇਂਦਾਂ ’ਤੇ ਨਾਬਾਦ 61 ਦੌੜਾਂ ਦੀ ਸਾਂਝੇਦਾਰੀ ਕਰਕੇ ਮੈਚ ਨੂੰ ਆਖ਼ਰੀ ਪਲ ਤੱਕ ਰੋਮਾਂਚਕ ਬਣਾਈ ਰੱਖਿਆ। ਹਾਲਾਂਕਿ ਆਖ਼ਰੀ ਗੇਂਦ ’ਤੇ ਪਠਾਨੀਆ ਸਿਰਫ਼ ਚੌਕਾ ਹੀ ਲਗਾ ਸਕੇ ਅਤੇ ਫ਼ਾਜ਼ਿਲਕਾ ਨੇ ਇੱਕ ਦੌੜ ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ।







