ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ ਸ੍ਰੀ ਆਨੰਦਪੁਰ ਸਾਹਿਬ ਪੁਲੀਸ ਵੱਲੋਂ ਐੱਸ.ਜੀ.ਪੀ.ਸੀ. ਨਾਲ ਜੁੜੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਐੱਸ.ਜੀ.ਪੀ.ਸੀ. ਦੇ ਮੁੱਖ ਸਕੱਤਰ ਦੇ ਓ.ਐੱਸ.ਡੀ. ਸਤਬੀਰ ਸਿੰਘ ਕੋਲੋਂ ਪੁਲੀਸ ਨੇ ਕਰੀਬ ਚਾਰ ਘੰਟਿਆਂ ਤੱਕ ਸਵਾਲ-ਜਵਾਬ ਕੀਤੇ।
ਡੀ.ਐੱਸ.ਪੀ. ਸ੍ਰੀ ਆਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ 21 ਅਗਸਤ 2026 ਨੂੰ ਐੱਫ.ਆਈ.ਆਰ. ਨੰਬਰ 149 ਦਰਜ ਕੀਤੀ ਗਈ ਸੀ। ਜਾਂਚ ਦੌਰਾਨ ਪੁਲੀਸ ਵੱਲੋਂ ਮਾਮਲੇ ਨਾਲ ਜੁੜੇ ਵੱਖ-ਵੱਖ ਪੱਖਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐੱਸ.ਜੀ.ਪੀ.ਸੀ. ਵਿੱਚ ਲੰਮੇ ਸਮੇਂ ਤੋਂ ਸੇਵਾ ਨਿਭਾਅ ਰਹੇ ਅਤੇ ਇਸ ਸਮੇਂ ਮੁੱਖ ਸਕੱਤਰ ਕੁਲਵੰਤ ਸਿੰਘ ਦੇ ਓ.ਐੱਸ.ਡੀ. ਵਜੋਂ ਤਾਇਨਾਤ ਸਤਬੀਰ ਸਿੰਘ ਤੋਂ ਸਰਾਵਾਂ ਦੇ ਪ੍ਰਬੰਧ, ਨਿਯਮਾਂ ਅਤੇ ਰਿਕਾਰਡ ਸਬੰਧੀ ਜਾਣਕਾਰੀ ਲਈ ਗਈ।
ਪੁਲੀਸ ਅਨੁਸਾਰ ਜਾਂਚ ਦਾ ਇੱਕ ਅਹਿਮ ਪੱਖ ਇਹ ਹੈ ਕਿ ਸਰਾਵਾਂ ਵਿੱਚ ਸ਼ਰਧਾਲੂਆਂ ਦੀ ਐਂਟਰੀ ਕਿਸ ਤਰੀਕੇ ਨਾਲ ਦਰਜ ਕੀਤੀ ਜਾਂਦੀ ਹੈ, ਠਹਿਰਨ ਲਈ ਕੀ ਨਿਯਮ ਹਨ ਅਤੇ ਇਸ ਸਬੰਧੀ ਕਿਹੜਾ ਰਿਕਾਰਡ ਰੱਖਿਆ ਜਾਂਦਾ ਹੈ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਔਰਤ ਦੇ ਸਰਾਵਾਂ ਵਿੱਚ ਰਹਿਣ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਉਸ ਨੂੰ ਮਿਲੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਡੀ.ਐੱਸ.ਪੀ. ਜਸ਼ਨਦੀਪ ਸਿੰਘ ਨੇ ਕਿਹਾ ਕਿ ਪੁਲੀਸ ਇਹ ਵੀ ਪਤਾ ਲਗਾ ਰਹੀ ਹੈ ਕਿ ਸ਼ਿਕਾਇਤਕਰਤਾ ਕਿਹੜੇ ਹਾਲਾਤਾਂ ਵਿੱਚ ਸ੍ਰੀ ਆਨੰਦਪੁਰ ਸਾਹਿਬ ਪਹੁੰਚੀ ਅਤੇ ਸਰਾਵਾਂ ਵਿੱਚ ਉਸ ਦੇ ਠਹਿਰਾਅ ਦੌਰਾਨ ਕੀ ਘਟਨਾਵਾਂ ਵਾਪਰੀਆਂ। ਇਸ ਤੋਂ ਇਲਾਵਾ ਉਸ ਨੂੰ ਕਿਸੇ ਵਿਅਕਤੀ ਵੱਲੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਰੋਕ ਕੇ ਰੱਖਣ ਜਾਂ ਕਿਸੇ ਹੋਰ ਗਤੀਵਿਧੀ ਸਬੰਧੀ ਲੱਗੇ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪੁਲੀਸ ਮੁਤਾਬਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਾਇਨਾਤ ਕੁਝ ਮੁਲਾਜ਼ਮਾਂ, ਸ਼ਿਕਾਇਤਕਰਤਾ ਦੇ ਬਿਆਨਾਂ ਵਿੱਚ ਨਾਮਜ਼ਦ ਵਿਅਕਤੀਆਂ ਅਤੇ ਮੁੱਖ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਜਾਂਚ ਟੀਮ ਵੱਲੋਂ ਮੁਲਜ਼ਮ ਦੇ ਠਹਿਰਨ ਅਤੇ ਆਉਣ-ਜਾਣ ਨਾਲ ਸਬੰਧਤ ਵੇਰਵੇ ਇਕੱਠੇ ਕਰਨ ਦੇ ਨਾਲ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮਾਮਲੇ ਵਿੱਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਜਾਂ ਕਿਸੇ ਸਾਜ਼ਿਸ਼ ਦਾ ਪੱਖ ਤਾਂ ਨਹੀਂ।
ਡੀ.ਐੱਸ.ਪੀ. ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਸਰਾਵਾਂ ਵਿੱਚ ਠਹਿਰਨ ਨਾਲ ਸਬੰਧਤ ਐੱਸ.ਜੀ.ਪੀ.ਸੀ. ਰਿਕਾਰਡ ਹਾਸਲ ਕਰਨ ਲਈ ਕਮੇਟੀ ਨੂੰ ਅਧਿਕਾਰਤ ਪੱਤਰ ਵੀ ਭੇਜਿਆ ਗਿਆ ਹੈ। ਪੁਲੀਸ ਦਸਤਾਵੇਜ਼ਾਂ, ਬਿਆਨਾਂ ਅਤੇ ਹੋਰ ਉਪਲੱਬਧ ਸਬੂਤਾਂ ਦੀ ਜਾਂਚ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਮਾਮਲੇ ਦੀ ਤਫ਼ਤੀਸ਼ ਕਾਨੂੰਨ ਅਨੁਸਾਰ ਕੀਤੀ ਜਾ ਰਹੀ ਹੈ ਅਤੇ ਜਿਨਸੀ ਅਪਰਾਧਾਂ ਨਾਲ ਸਬੰਧਤ ਮਾਮਲਿਆਂ ਲਈ ਲਾਗੂ ਕਾਨੂੰਨੀ ਪ੍ਰਬੰਧਾਂ ਅਤੇ ਅਦਾਲਤੀ ਹਦਾਇਤਾਂ ਮੁਤਾਬਕ ਜਾਂਚ ਨੂੰ ਨਿਰਧਾਰਤ ਸਮੇਂ ਅੰਦਰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੀ ਪੁਸ਼ਟੀ ਤੋਂ ਬਾਅਦ ਪੁਲੀਸ ਵੱਲੋਂ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਥਾਣਾ ਮੁਖੀ ਜਤਿਨ ਕਪੂਰ ਅਤੇ ਸਿਟੀ ਇੰਚਾਰਜ ਜਸਮੇਰ ਸਿੰਘ ਵੀ ਮੌਜੂਦ ਸਨ।







