Sarabjit Kaur Pakistan: ਪਾਕਿਸਤਾਨ ਜਾ ਕੇ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਤੇ ਪਤੀ ਦੀਆਂ ਮੁਸ਼ਕਲਾਂ ਵਧੀਆਂ

Sarabjit Kaur Pakistan: ਦੂਜੇ ਨਿਕਾਹ ਮਾਮਲੇ ’ਚ ਨਾਸਿਰ ਹੁਸੈਨ ਦੀ ਪਹਿਲੀ ਪਤਨੀ ਪਹੁੰਚੀ ਹਾਈ ਕੋਰਟ, ਗੰਭੀਰ ਦੋਸ਼ ਲਾਏ

ਲਾਹੌਰ: ਭਾਰਤ ਤੋਂ ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਨਾਸਿਰ ਹੁਸੈਨ ਨਾਲ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਨਾਲ ਜੁੜੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਨਾਸਿਰ ਹੁਸੈਨ ਦੀ ਪਹਿਲੀ ਪਤਨੀ ਸਾਇਮਾ ਨਾਸਿਰ ਨੇ ਆਪਣੇ ਪਤੀ ਅਤੇ ਉਸ ਦੀ ਦੂਜੀ ਪਤਨੀ ਸਰਬਜੀਤ ਕੌਰ ਖ਼ਿਲਾਫ਼ ਲਾਹੌਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸਾਇਮਾ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਦੋ ਵੱਖ-ਵੱਖ ਪਟੀਸ਼ਨਾਂ ਦਾਇਰ ਕੀਤੀਆਂ ਹਨ।

ਪਟੀਸ਼ਨ ਵਿੱਚ ਸਾਇਮਾ ਨੇ ਦੋਸ਼ ਲਾਇਆ ਹੈ ਕਿ ਨਾਸਿਰ ਹੁਸੈਨ ਨੇ ਪਾਕਿਸਤਾਨ ਦੇ ਪਰਿਵਾਰਕ ਕਾਨੂੰਨਾਂ ਦੀ ਕਥਿਤ ਉਲੰਘਣਾ ਕਰਦਿਆਂ ਪਹਿਲੀ ਪਤਨੀ ਦੀ ਇਜਾਜ਼ਤ ਅਤੇ ਸਹਿਮਤੀ ਤੋਂ ਬਿਨਾਂ ਦੂਜਾ ਨਿਕਾਹ ਕੀਤਾ। ਉਸ ਨੇ ਆਪਣੇ ਚਾਰ ਨਾਬਾਲਗ ਬੱਚਿਆਂ ਦੀ ਦੇਖਭਾਲ ਲਈ ਗੁਜ਼ਾਰਾ ਭੱਤਾ ਅਤੇ ਰਹਿਣ ਲਈ ਵੱਖਰੇ ਘਰ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਹੈ।

ਘਰੋਂ ਕੱਢਣ ਦੇ ਦੋਸ਼

ਸਾਇਮਾ ਨੇ ਅਦਾਲਤ ਨੂੰ ਦਿੱਤੀ ਅਰਜ਼ੀ ਵਿੱਚ ਦੋਸ਼ ਲਾਇਆ ਕਿ ਸਰਬਜੀਤ ਕੌਰ ਨੇ ਕਥਿਤ ਤੌਰ ’ਤੇ ਉਸ ਦੇ ਘਰ ’ਤੇ ਕਬਜ਼ਾ ਕਰ ਲਿਆ। ਉਸ ਮੁਤਾਬਕ ਨਾਸਿਰ ਨੇ ਉਸ ਨੂੰ ਅਤੇ ਉਸ ਦੇ ਚਾਰ ਛੋਟੇ ਬੱਚਿਆਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਅਤੇ ਉਨ੍ਹਾਂ ਦਾ ਸਾਮਾਨ ਵੀ ਘਰ ਤੋਂ ਬਾਹਰ ਸੁੱਟ ਦਿੱਤਾ।

ਸਾਇਮਾ ਦਾ ਦਾਅਵਾ ਹੈ ਕਿ ਪਿਛਲੇ ਕਰੀਬ 10 ਮਹੀਨਿਆਂ ਤੋਂ ਨਾਸਿਰ ਨੇ ਉਸ ਨਾਲ ਸੰਪਰਕ ਨਹੀਂ ਕੀਤਾ ਅਤੇ ਨਾ ਹੀ ਬੱਚਿਆਂ ਦੀ ਪਰਵਰਿਸ਼ ਲਈ ਕੋਈ ਖਰਚਾ ਜਾਂ ਹੱਕ-ਮੇਹਰ ਦੀ ਰਕਮ ਅਦਾ ਕੀਤੀ ਹੈ। ਉਸ ਨੇ ਅਦਾਲਤ ਸਾਹਮਣੇ ਬੱਚਿਆਂ ਦੀ ਦੇਖਭਾਲ ਅਤੇ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ ਹੈ।

ਬੱਚਿਆਂ ’ਤੇ ਮਾਨਸਿਕ ਪ੍ਰਭਾਵ ਦਾ ਵੀ ਦਾਅਵਾ

ਪਟੀਸ਼ਨ ਵਿੱਚ ਸਾਇਮਾ ਨੇ ਘਰ ਦੇ ਮਾਹੌਲ ਨੂੰ ਲੈ ਕੇ ਵੀ ਗੰਭੀਰ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਨਾਸਿਰ ਹੁਸੈਨ ਅਤੇ ਸਰਬਜੀਤ ਕੌਰ ਦੇ ਕਥਿਤ ਵਤੀਰੇ ਅਤੇ ਘਰ ਵਿੱਚ ਮੋਬਾਈਲ ’ਤੇ ਵੀਡੀਓ ਬਣਾਉਣ ਕਾਰਨ ਬੱਚਿਆਂ ਦੀ ਮਾਨਸਿਕ ਸਿਹਤ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।

ਸਾਇਮਾ ਨੇ ਦਲੀਲ ਦਿੱਤੀ ਹੈ ਕਿ ਅਜਿਹੇ ਮਾਹੌਲ ਦਾ ਬੱਚਿਆਂ ਦੇ ਭਵਿੱਖ ਅਤੇ ਉਨ੍ਹਾਂ ਦੇ ਸਮਾਜਿਕ ਰਿਸ਼ਤਿਆਂ ’ਤੇ ਵੀ ਅਸਰ ਪੈ ਸਕਦਾ ਹੈ। ਇਸ ਲਈ ਉਸ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਅਤੇ ਉਸ ਦੇ ਚਾਰ ਬੱਚਿਆਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕ ਦਿਵਾਏ ਜਾਣ ਅਤੇ ਵੱਖਰੇ ਰਹਿਣ ਲਈ ਉਚਿਤ ਪ੍ਰਬੰਧ ਕੀਤਾ ਜਾਵੇ।

ਅਦਾਲਤ ਵਿੱਚ ਦਾਇਰ ਪਟੀਸ਼ਨਾਂ ਵਿੱਚ ਲਗਾਏ ਗਏ ਇਨ੍ਹਾਂ ਦੋਸ਼ਾਂ ’ਤੇ ਨਾਸਿਰ ਹੁਸੈਨ ਅਤੇ ਸਰਬਜੀਤ ਕੌਰ ਦਾ ਪੱਖ ਸਾਹਮਣੇ ਆਉਣਾ ਹਾਲੇ ਬਾਕੀ ਹੈ।