Mohan Bhagwat UK Tour: ਯੂਕੇ ’ਚ ਸਿੱਖ ਭਾਈਚਾਰੇ ਨਾਲ ਰਾਬਤਾ ਵਧਾਉਣ ਦੀ ਕੋਸ਼ਿਸ਼, ਖ਼ਾਲਸਾ ਜਥਾ ਗੁਰਦੁਆਰਾ ਸਾਹਿਬ ਵਿਖੇ ਟੇਕਿਆ ਮੱਥਾ
ਲੰਡਨ: ਰਾਸ਼ਟਰੀ ਸਵੈਮਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਆਪਣੇ ਯੂਕੇ ਦੌਰੇ ਦੌਰਾਨ ਉੱਥੇ ਵੱਸਦੇ ਪਰਵਾਸੀ ਸਿੱਖ ਭਾਈਚਾਰੇ ਨਾਲ ਸੰਪਰਕ ਅਤੇ ਸੰਵਾਦ ਵਧਾਉਣ ਵੱਲ ਅਹਿਮ ਕਦਮ ਚੁੱਕਿਆ ਹੈ। ਇਸੇ ਤਹਿਤ ਉਨ੍ਹਾਂ ਲੰਡਨ ਸਥਿਤ ਪ੍ਰਸਿੱਧ ਖ਼ਾਲਸਾ ਜਥਾ ਬ੍ਰਿਟਿਸ਼ ਆਈਲਜ਼ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ।
ਮੋਹਨ ਭਾਗਵਤ 2 ਸਤੰਬਰ ਨੂੰ ਅਮਰੀਕਾ ਅਤੇ ਕੈਨੇਡਾ ਦੇ ਦੌਰੇ ਤੋਂ ਬਾਅਦ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਤਹਿਤ ਬ੍ਰਿਟੇਨ ਪਹੁੰਚੇ। RSS ਦੇ ਸਤਾਬਦੀ ਵਰ੍ਹੇ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਸੰਘ ਦੀ ਵਿਸ਼ਵ ਪੱਧਰੀ ਸੰਪਰਕ ਮੁਹਿੰਮ ਤਹਿਤ ਵੱਖ-ਵੱਖ ਭਾਈਚਾਰਿਆਂ ਅਤੇ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ।
ਸ਼ੁੱਕਰਵਾਰ ਨੂੰ RSS ਵੱਲੋਂ ਮੋਹਨ ਭਾਗਵਤ ਦੇ ਗੁਰਦੁਆਰਾ ਸਾਹਿਬ ਦੌਰੇ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ। ਇਸ ਮੌਕੇ ਭਾਜਪਾ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਸਮੇਤ ਹੋਰ ਭਾਈਚਾਰਕ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਲੰਡਨ ਵਿੱਚ ਮੋਹਨ ਭਾਗਵਤ ਦੀਆਂ ਗਤੀਵਿਧੀਆਂ ਦੀ ਮੇਜ਼ਬਾਨੀ ਯੂਕੇ ਆਧਾਰਿਤ ਸੰਸਥਾ ਇੰਟੈਗਰਲ (Integral) ਵੱਲੋਂ ਕੀਤੀ ਜਾ ਰਹੀ ਹੈ। ਇਹ ਸੰਸਥਾ ਯੂਕੇ ਅਤੇ ਭਾਰਤ ਦਰਮਿਆਨ ਲੰਬੇ ਸਮੇਂ ਤੋਂ ਚੱਲ ਰਹੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਵੱਖ-ਵੱਖ ਭਾਈਚਾਰਿਆਂ ਅਤੇ ਆਗੂਆਂ ਵਿਚਕਾਰ ਸੰਵਾਦ ਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦੀ ਹੈ।
RSS ਦੇ ਅਨੁਸਾਰ, ਯੂਕੇ ਦੀਆਂ 115 ਤੋਂ ਵੱਧ ਸਮਾਜਿਕ ਅਤੇ ਸੱਭਿਆਚਾਰਕ ਸੰਸਥਾਵਾਂ ਨੇ ਇੰਟੈਗਰਲ ਨਾਲ ਮਿਲ ਕੇ ਮੋਹਨ ਭਾਗਵਤ ਦੇ ਬ੍ਰਿਟੇਨ ਪਹੁੰਚਣ ’ਤੇ ਸਵਾਗਤ ਕੀਤਾ ਹੈ ਅਤੇ ਉਨ੍ਹਾਂ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ।
6 ਸਤੰਬਰ ਨੂੰ ‘Celebration of Oneness’ ਸਮਾਗਮ
ਮੋਹਨ ਭਾਗਵਤ 6 ਸਤੰਬਰ 2026 ਨੂੰ ‘ਏਕਤਾ ਦਾ ਜਸ਼ਨ’ (Celebration of Oneness) ਵਿਸ਼ੇ ਤਹਿਤ ਹੋਣ ਵਾਲੇ ਕਮਿਊਨਿਟੀ ਲੀਡਰਜ਼ ਰਿਸੈਪਸ਼ਨ ਅਤੇ ‘ਸੱਭਿਅਤਾ ਸੰਵਾਦ’ ਵਿੱਚ ਵੀ ਸ਼ਿਰਕਤ ਕਰਨਗੇ। ਇਸ ਸਮਾਗਮ ਦੀ ਪਹਿਲਕਦਮੀ ਹਿੰਦੂ ਸਵੈਮਸੇਵਕ ਸੰਘ ਯੂਕੇ (HSS UK) ਵੱਲੋਂ ਇੰਟੈਗਰਲ ਦੇ ਸਹਿਯੋਗ ਨਾਲ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ HSS UK ਦੀ ਸਥਾਪਨਾ 1966 ਵਿੱਚ ਬ੍ਰਿਟੇਨ ਵਿੱਚ ਇੱਕ ਹਿੰਦੂ ਸਮਾਜਿਕ ਅਤੇ ਸੱਭਿਆਚਾਰਕ ਸੰਸਥਾ ਵਜੋਂ ਹੋਈ ਸੀ। ਮੋਹਨ ਭਾਗਵਤ ਦੇ ਯੂਕੇ ਦੌਰੇ ਨੂੰ RSS ਦੀ ਵਿਸ਼ਵ ਪੱਧਰੀ ਪਹੁੰਚ ਵਧਾਉਣ ਅਤੇ ਵੱਖ-ਵੱਖ ਭਾਈਚਾਰਿਆਂ ਨਾਲ ਸੰਵਾਦ ਸਥਾਪਤ ਕਰਨ ਦੀ ਮੁਹਿੰਮ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।







