Punjab Congress Protest: ਭਾਜਪਾ ’ਤੇ ਚੰਨੀ ਦਾ ਵੱਡਾ ਹਮਲਾ, ਕਿਹਾ- ‘ਜਾਤੀਵਾਦ ਦੀ ਰਾਜਨੀਤੀ ਕਰ ਰਹੀ ਹੈ’

Punjab Congress Protest: ਖੜਗੇ ਦੇ ਭਾਸ਼ਣ ਮਗਰੋਂ ਮੰਚ ਦੇ ਸ਼ੁੱਧੀਕਰਨ ਖ਼ਿਲਾਫ਼ ਕਾਂਗਰਸ ਦਾ ਪ੍ਰਦਰਸ਼ਨ, ਚੰਨੀ ਨੇ ਭਾਜਪਾ ’ਤੇ ਲਾਏ ਦੋਸ਼

ਡੇਰਾ ਬਾਬਾ ਨਾਨਕ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਭਾਸ਼ਣ ਤੋਂ ਬਾਅਦ ਮੰਚ ਦਾ ਸ਼ੁੱਧੀਕਰਨ ਕੀਤੇ ਜਾਣ ਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਵੱਲੋਂ ਭਾਜਪਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਭਾਜਪਾ ’ਤੇ ਜਾਤੀਵਾਦ ਦੀ ਰਾਜਨੀਤੀ ਕਰਨ ਦੇ ਦੋਸ਼ ਲਗਾਏ।

ਚੰਨੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਹਰ ਨਾਗਰਿਕ ਨੂੰ ਬਰਾਬਰ ਅਧਿਕਾਰ ਦਿੰਦਾ ਹੈ, ਪਰ ਭਾਜਪਾ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਸੰਵਿਧਾਨ ਦੀ ਭਾਵਨਾ ਦੇ ਉਲਟ ਹਨ। ਉਨ੍ਹਾਂ ਰਾਹੁਲ ਗਾਂਧੀ ਖ਼ਿਲਾਫ਼ ਦਲਿਤਾਂ ਅਤੇ ਪਛੜੇ ਵਰਗਾਂ ਦੀ ਆਵਾਜ਼ ਉਠਾਉਣ ਦੇ ਮਾਮਲੇ ਵਿੱਚ ਦਰਜ ਕੇਸ ਦੀ ਵੀ ਨਿਖੇਧੀ ਕੀਤੀ।

ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਚੰਨੀ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਭਾਜਪਾ ਦੀ ‘ਬੀ ਟੀਮ’ ਵਜੋਂ ਕੰਮ ਕਰ ਰਹੇ ਹਨ।

ਬਿਜਲੀ ਤੇ ਕੋਲੇ ਦੇ ਸੰਕਟ ’ਤੇ ਵੀ ਸਰਕਾਰ ਨੂੰ ਘੇਰਿਆ

ਚੰਨੀ ਨੇ ਪੰਜਾਬ ਵਿੱਚ ਬਿਜਲੀ ਅਤੇ ਕੋਲੇ ਦੀ ਕਥਿਤ ਘਾਟ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੇ ਥਰਮਲ ਪਲਾਂਟਾਂ ਵਿੱਚ ਹੁਣ ਸਿਰਫ਼ ਕੁਝ ਦਿਨਾਂ ਦਾ ਕੋਲਾ ਹੀ ਬਚਿਆ ਹੈ, ਜਿਸ ਕਾਰਨ ਬਿਜਲੀ ਸੰਕਟ ਹੋਰ ਗੰਭੀਰ ਹੋਣ ਦਾ ਖ਼ਦਸ਼ਾ ਹੈ।

ਇਸ ਮੌਕੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਡੇਰਾ ਬਾਬਾ ਨਾਨਕ ਹਲਕੇ ਨੂੰ ਹਮੇਸ਼ਾ ਸੰਵੇਦਨਸ਼ੀਲ ਖੇਤਰ ਦੱਸਦਿਆਂ ਕਿਹਾ ਕਿ ਇੱਥੇ ਸਿਆਸੀ ਮੁਕਾਬਲਾ ਹੁਣ ਦੋ ਰਾਜਨੀਤਿਕ ਧਿਰਾਂ ਤੱਕ ਸੀਮਤ ਨਹੀਂ ਰਿਹਾ, ਸਗੋਂ ਕਾਂਗਰਸ ਅਤੇ ਗੈਂਗਸਟਰਾਂ ਵਿਚਾਲੇ ਲੜਾਈ ਬਣ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਥਿਤ ਤੌਰ ’ਤੇ ਗੈਂਗਸਟਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।

ਰੰਧਾਵਾ ਨੇ ਪੰਜਾਬ ਵਿੱਚ ਨਸ਼ਿਆਂ ਨੂੰ ਖ਼ਤਮ ਕਰਨ ਦੇ ਸਰਕਾਰ ਦੇ ਦਾਅਵਿਆਂ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੀਆਂ ਜੇਲ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਨਸ਼ਿਆਂ ਨਾਲ ਪੀੜਤ ਲੋਕ ਬੰਦ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣੇਗੀ।

ਇਸ ਦੌਰਾਨ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਾ ਹੋਣ ’ਤੇ ਵੀ ਸਵਾਲ ਉਠਾਏ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਦਾ ਸਮਾਗਮ ਤੋਂ ਦੂਰ ਰਹਿਣਾ ਉਨ੍ਹਾਂ ਦੇ ‘ਹੰਕਾਰ’ ਨੂੰ ਦਰਸਾਉਂਦਾ ਹੈ।