PU ਚੋਣਾਂ: ਏਬੀਵੀਪੀ ਨੇ ਫਿਰ ਜਿੱਤ ਦਾ ਝੰਡਾ ਗੱਡਿਆ

ABVP PU Victory: ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿੱਚ ਏਬੀਵੀਪੀ ਦੀ ਲਗਾਤਾਰ ਦੂਜੀ ਜਿੱਤ

ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਭਾਜਪਾ ਦੇ ਵਿਦਿਆਰਥੀ ਸੰਗਠਨ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਨੇ ਇਕ ਵਾਰ ਫਿਰ ਆਪਣਾ ਦਬਦਬਾ ਕਾਇਮ ਰੱਖਿਆ ਹੈ। ਏਬੀਵੀਪੀ ਦੇ ਉਮੀਦਵਾਰ ਅੰਕਿਤ ਬਿਧਾਨ ਨੇ ਪ੍ਰਧਾਨ ਦੇ ਅਹੁਦੇ ਲਈ ਜਿੱਤ ਦਰਜ ਕਰਕੇ ਲਗਾਤਾਰ ਦੂਜੀ ਵਾਰ ਇਸ ਅਹੁਦੇ ’ਤੇ ਏਬੀਵੀਪੀ ਦੀ ਜਿੱਤ ਯਕੀਨੀ ਬਣਾਈ।

ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਦਿਆਰਥੀ ਵਿੰਗ ਐੱਸਓਆਈ ਵੱਲੋਂ ਏਬੀਵੀਪੀ ਨੂੰ ਸਮਰਥਨ ਦਿੱਤਾ ਗਿਆ ਸੀ। ਨਤੀਜਿਆਂ ਤੋਂ ਬਾਅਦ ਇਸ ਸਾਂਝ ਨੂੰ ਸਿਆਸੀ ਤੌਰ ’ਤੇ ਵੀ ਅਹਿਮ ਮੰਨਿਆ ਜਾ ਰਿਹਾ ਹੈ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਬਾਰੇ ਚਰਚਾਵਾਂ ਤੇਜ਼ ਹੋ ਗਈਆਂ ਹਨ।

ਜਿਵੇਂ ਹੀ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਵਿੱਚ ਨਤੀਜੇ ਐਲਾਨੇ ਗਏ, ਏਬੀਵੀਪੀ ਅਤੇ ਐੱਸਓਆਈ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਜੇਤੂ ਉਮੀਦਵਾਰ ਅੰਕਿਤ ਬਿਧਾਨ ਦਾ ਸਮਰਥਕਾਂ ਨੇ ਜ਼ੋਰਦਾਰ ਸਵਾਗਤ ਕੀਤਾ ਅਤੇ ਜਿੱਤ ਦਾ ਜਸ਼ਨ ਮਨਾਇਆ।

ਪ੍ਰਧਾਨ ਦੇ ਅਹੁਦੇ ਲਈ ਮੁੱਖ ਮੁਕਾਬਲਾ ਏਬੀਵੀਪੀ ਦੇ ਅੰਕਿਤ ਬਿਧਾਨ ਅਤੇ ਏਐੱਸਏਪੀ ਦੇ ਆਦਿਲ ਬਰਾੜ ਵਿਚਾਲੇ ਰਿਹਾ। ਅੰਕਿਤ ਨੇ ਕਰੀਬੀ ਟੱਕਰ ਵਿੱਚ ਆਦਿਲ ਬਰਾੜ ਨੂੰ ਹਰਾਇਆ, ਜਦਕਿ ਐੱਨਐੱਸਯੂਆਈ ਦਾ ਉਮੀਦਵਾਰ ਤੀਜੇ ਸਥਾਨ ’ਤੇ ਰਿਹਾ। ਜਿੱਤ ਤੋਂ ਬਾਅਦ ਅੰਕਿਤ ਨੇ ਪ੍ਰਤੀਕਾਤਮਕ ਤੌਰ ’ਤੇ ਝਾੜੂ ਤੋੜ ਕੇ ਆਮ ਆਦਮੀ ਪਾਰਟੀ ਵਿਰੁੱਧ ਆਪਣਾ ਰੋਸ ਵੀ ਜ਼ਾਹਰ ਕੀਤਾ।

ਇਸ ਚੋਣ ਨਤੀਜੇ ਨੂੰ ਵਿਦਿਆਰਥੀ ਰਾਜਨੀਤੀ ਤੋਂ ਇਲਾਵਾ ਪੰਜਾਬ ਦੀ ਭਵਿੱਖੀ ਸਿਆਸਤ ਦੇ ਸੰਦਰਭ ਵਿੱਚ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਨਾਲ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਸੰਭਾਵਿਤ ਸਿਆਸੀ ਤਾਲਮੇਲ ਬਾਰੇ ਚਰਚਾ ਨੂੰ ਹੋਰ ਬਲ ਮਿਲ ਸਕਦਾ ਹੈ।

ਇਸ ਵਾਰ ਵਿਦਿਆਰਥੀ ਕੌਂਸਲ ਦੇ ਚਾਰ ਅਹੁਦਿਆਂ ਲਈ ਕੁੱਲ 16 ਉਮੀਦਵਾਰ ਮੈਦਾਨ ਵਿੱਚ ਸਨ। ਪ੍ਰਧਾਨ ਲਈ 4, ਮੀਤ ਪ੍ਰਧਾਨ ਲਈ 5, ਸਕੱਤਰ ਲਈ 3 ਅਤੇ ਜੁਆਇੰਟ ਸਕੱਤਰ ਲਈ 4 ਉਮੀਦਵਾਰਾਂ ਨੇ ਚੋਣ ਲੜੀ। ਚੋਣਾਂ ਵਿੱਚ 16 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਮੌਕੇ 191 ਪੋਲਿੰਗ ਬੂਥ ਬਣਾਏ ਗਏ ਸਨ ਅਤੇ ਸੁਰੱਖਿਆ ਲਈ ਚੰਡੀਗੜ੍ਹ ਪੁਲਿਸ ਦੇ ਤਿੰਨ ਡੀਐੱਸਪੀ ਸਮੇਤ ਕਰੀਬ 500 ਮੁਲਾਜ਼ਮ ਤਾਇਨਾਤ ਰਹੇ।

ਵੱਖ-ਵੱਖ ਅਹੁਦਿਆਂ ਦੇ ਨਤੀਜੇ

ਪ੍ਰਧਾਨ ਦੇ ਅਹੁਦੇ ਲਈ ਅੰਕਿਤ ਬਿਧਾਨ ਨੂੰ 3149 ਵੋਟਾਂ ਮਿਲੀਆਂ, ਜਦਕਿ ਆਦਿਲ ਬਰਾੜ ਨੂੰ 2637, ਗੁਰਮਨ ਸਿੰਘ ਸਿੱਧੂ ਨੂੰ 2263 ਅਤੇ ਦਰਸ਼ਪ੍ਰੀਤ ਸਿੰਘ ਨੂੰ 1387 ਵੋਟਾਂ ਪ੍ਰਾਪਤ ਹੋਈਆਂ। 174 ਵੋਟਰਾਂ ਨੇ ਨੋਟਾ ਦੀ ਚੋਣ ਕੀਤੀ।

ਮੀਤ ਪ੍ਰਧਾਨ ਦੇ ਅਹੁਦੇ ਲਈ ਅਰਮਾਨ ਸਿੰਘ ਭਿੰਡਰ ਨੇ 3322 ਵੋਟਾਂ ਨਾਲ ਜਿੱਤ ਹਾਸਲ ਕੀਤੀ। ਸਕੱਤਰ ਦੇ ਅਹੁਦੇ ਲਈ ਧਿਆਨ ਸਿੰਘ ਸਮੀਰ 4045 ਵੋਟਾਂ ਨਾਲ ਜੇਤੂ ਰਹੇ, ਜਦਕਿ ਜੁਆਇੰਟ ਸਕੱਤਰ ਦੇ ਅਹੁਦੇ ’ਤੇ ਵਿਸ਼ਾਲ ਬਾਮਲ ਨੇ 3506 ਵੋਟਾਂ ਹਾਸਲ ਕਰਕੇ ਬਾਜ਼ੀ ਮਾਰੀ। ਚੋਣਾਂ ਵਿੱਚ ਨੋਟਾ ਨੂੰ ਵੀ ਕਈ ਵੋਟਰਾਂ ਵੱਲੋਂ ਤਰਜੀਹ ਦਿੱਤੀ ਗਈ।