PMO Officer ਬਣ ਕੇ ਮਾਲ ’ਚ ਦਾਖ਼ਲ ਹੋਣ ਦੀ ਕੋਸ਼ਿਸ਼, ਤਿੰਨ ਵਿਅਕਤੀ ਗ੍ਰਿਫ਼ਤਾਰ

Mumbai News: ਬੀਕੇਸੀ ਦੇ ਸ਼ਾਪਿੰਗ ਮਾਲ ’ਚ ਜ਼ਬਰੀ ਦਾਖ਼ਲੇ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ, PM ਮੋਦੀ ਦੇ ਦੌਰੇ ਨਾਲ ਕੋਈ ਸਬੰਧ ਨਹੀਂ

ਮੁੰਬਈ: ਮੁੰਬਈ ਦੇ ਬਾਂਦਰਾ-ਕੁਰਲਾ ਕੰਪਲੈਕਸ (ਬੀਕੇਸੀ) ਸਥਿਤ ਜੀਓ ਵਰਲਡ ਪਲਾਜ਼ਾ ਵਿੱਚ ਕਥਿਤ ਤੌਰ ’ਤੇ ਹਥਿਆਰ ਸਮੇਤ ਜ਼ਬਰੀ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਸਪੱਸ਼ਟ ਕੀਤਾ ਹੈ ਕਿ ਇਹ ਘਟਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਗਲਵਾਰ ਸ਼ਾਮ ਬੀਕੇਸੀ ਵਿੱਚ ਹੋਣ ਵਾਲੇ ਨਿਰਧਾਰਤ ਪ੍ਰੋਗਰਾਮ ਨਾਲ ਸਬੰਧਤ ਨਹੀਂ ਹੈ।

ਮੁੱਢਲੀ ਜਾਣਕਾਰੀ ਮੁਤਾਬਕ, ਮੰਗਲਵਾਰ ਨੂੰ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਤੋਂ ਕੁਝ ਘੰਟੇ ਪਹਿਲਾਂ ਇੱਕ 24 ਸਾਲਾ ਵਿਅਕਤੀ ਵੱਲੋਂ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦਫ਼ਤਰ (PMO) ਦਾ ਅਧਿਕਾਰੀ ਦੱਸਣ ਅਤੇ ਉਸ ਦੇ ਨਾਲ ਇੱਕ ਹਥਿਆਰਬੰਦ ‘ਬਾਡੀਗਾਰਡ’ ਹੋਣ ਦੀ ਗੱਲ ਸਾਹਮਣੇ ਆਈ ਸੀ। ਹਾਲਾਂਕਿ, ਪੁਲੀਸ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਅਸਲ ਘਟਨਾ ਸੋਮਵਾਰ ਨੂੰ ਜੀਓ ਵਰਲਡ ਪਲਾਜ਼ਾ ਵਿੱਚ ਵਾਪਰੀ ਸੀ ਅਤੇ ਇਸ ਦਾ ਪ੍ਰਧਾਨ ਮੰਤਰੀ ਦੇ ਦੌਰੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।

ਪੁਲੀਸ ਅਨੁਸਾਰ, ਤਿੰਨਾਂ ਵਿਅਕਤੀਆਂ ਨੇ ਮਾਲ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਕਰਮਚਾਰੀਆਂ ਵੱਲੋਂ ਰੋਕੇ ਜਾਣ ’ਤੇ ਉਨ੍ਹਾਂ ਨੇ ਕਥਿਤ ਤੌਰ ’ਤੇ ਸ਼ੱਕੀ ਸਰਕਾਰੀ ਪਛਾਣ ਪੱਤਰ ਦਿਖਾਇਆ ਅਤੇ ਗਾਰਡਾਂ ਨਾਲ ਬਹਿਸ ਕਰਨ ਤੋਂ ਬਾਅਦ ਜ਼ਬਰਦਸਤੀ ਅੰਦਰ ਦਾਖ਼ਲ ਹੋ ਗਏ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਕੋਲ ਹਥਿਆਰ ਵੀ ਮੌਜੂਦ ਸੀ।

ਮਾਲ ਪ੍ਰਬੰਧਕਾਂ ਦੀ ਸ਼ਿਕਾਇਤ ’ਤੇ ਬੀਕੇਸੀ ਪੁਲੀਸ ਨੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਇੱਕ ਲੋਕ ਸੇਵਕ ਵਜੋਂ ਆਪਣੇ ਆਪ ਨੂੰ ਪੇਸ਼ ਕਰਨ ਅਤੇ ਘਾਤਕ ਹਥਿਆਰ ਨਾਲ ਲੈਸ ਹੋ ਕੇ ਗੈਰ-ਕਾਨੂੰਨੀ ਦਾਖ਼ਲੇ ਨਾਲ ਸਬੰਧਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ। ਇਸ ਤੋਂ ਬਾਅਦ ਪੁਲੀਸ ਨੇ ਤਿੰਨਾਂ ਸ਼ੱਕੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ।

ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਵਿੱਚ ਵਰਤਿਆ ਗਿਆ ਹਥਿਆਰ ਲਾਇਸੰਸਸ਼ੁਦਾ ਹੈ ਅਤੇ ਇਹ ਘਟਨਾ ਪ੍ਰਧਾਨ ਮੰਤਰੀ ਦੇ ਮੁੰਬਈ ਦੌਰੇ ਤੋਂ ਪੂਰੀ ਤਰ੍ਹਾਂ ਵੱਖਰੀ ਹੈ।

ਇਸ ਦੇ ਨਾਲ ਹੀ ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਪਛਾਣ ਪੱਤਰ ਦੀ ਅਸਲਿਅਤ ਦੀ ਜਾਂਚ ਕਰਨ ਦੇ ਨਾਲ-ਨਾਲ ਇਹ ਵੀ ਪਤਾ ਲਗਾ ਰਹੇ ਹਨ ਕਿ ਤਿੰਨਾਂ ਵਿਅਕਤੀਆਂ ਦਾ ਮਾਲ ਵਿੱਚ ਦਾਖ਼ਲ ਹੋਣ ਪਿੱਛੇ ਅਸਲ ਮਕਸਦ ਕੀ ਸੀ।