Nepal Floods: ਤਬਾਹੀ ਦੇ 11 ਦਿਨ ਬਾਅਦ ਵੀ ਮਲਬੇ ’ਚ ਲਾਪਤਾ ਲੋਕਾਂ ਦੀ ਭਾਲ, ਲਾਸ਼ਾਂ ਦੀ ਪਛਾਣ ਬਣੀ ਚੁਣੌਤੀ
ਕਾਠਮੰਡੂ: ਨੇਪਾਲ ਵਿੱਚ 26 ਅਗਸਤ ਨੂੰ ਆਏ ਭਿਆਨਕ ਹੜ੍ਹਾਂ ਅਤੇ ਮਲਬੇ ਦੀ ਤਬਾਹੀ ਤੋਂ ਕਰੀਬ 11 ਦਿਨ ਬਾਅਦ ਵੀ ਬਚਾਅ ਟੀਮਾਂ ਲਾਪਤਾ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ। ਹਾਲਾਂਕਿ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ, ਪਰ ਬਰਾਮਦ ਹੋ ਰਹੀਆਂ ਲਾਸ਼ਾਂ ਦੀ ਸ਼ਨਾਖ਼ਤ ਕਰਨਾ ਅਧਿਕਾਰੀਆਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਨੇਪਾਲ ਪੁਲੀਸ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ 1,344 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਕਰੀਬ 5,000 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਇਸ ਦੌਰਾਨ 13,100 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ।
ਅਧਿਕਾਰੀਆਂ ਅਨੁਸਾਰ 26 ਅਗਸਤ ਨੂੰ ਨੇਪਾਲ-ਤਿੱਬਤ ਸਰਹੱਦ ਨੇੜੇ ਗਲੇਸ਼ੀਅਰ ਤੋਂ ਬਰਫ਼ ਦਾ ਵੱਡਾ ਹਿੱਸਾ ਟੁੱਟਣ ਮਗਰੋਂ ਭਾਰੀ ਮਲਬੇ ਅਤੇ ਤੇਜ਼ ਪਾਣੀ ਨੇ ਉੱਤਰੀ ਤੇ ਮੱਧ ਨੇਪਾਲ ਦੇ ਕਈ ਇਲਾਕਿਆਂ ਵਿੱਚ ਭਾਰੀ ਤਬਾਹੀ ਮਚਾਈ। ਕਈ ਬਸਤੀਆਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਚੀਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਤਿੱਬਤ ਵਿੱਚ ਵੀ ਘੱਟੋ-ਘੱਟ 31 ਲੋਕਾਂ ਦੀ ਮੌਤ ਹੋਈ ਹੈ, ਜਦਕਿ 500 ਤੋਂ ਵੱਧ ਲੋਕ ਲਾਪਤਾ ਹਨ।
ਨੇਪਾਲੀ ਅਧਿਕਾਰੀਆਂ ਮੁਤਾਬਕ ਬਰਾਮਦ ਲਾਸ਼ਾਂ ਵਿੱਚ ਘੱਟੋ-ਘੱਟ 85 ਬੱਚੇ ਸ਼ਾਮਲ ਹਨ। ਕਰੀਬ 500 ਲਾਸ਼ਾਂ ਦੀ ਹਾਲਤ ਵੀ ਬਹੁਤ ਖ਼ਰਾਬ ਦੱਸੀ ਜਾ ਰਹੀ ਹੈ ਅਤੇ ਕੁਝ ਲਾਸ਼ਾਂ ਦੇ ਅੰਗ ਗਾਇਬ ਹੋਣ ਕਾਰਨ ਉਨ੍ਹਾਂ ਦੀ ਪਛਾਣ ਕਰਨਾ ਹੋਰ ਮੁਸ਼ਕਲ ਹੋ ਗਿਆ ਹੈ।
ਇਸੇ ਦੌਰਾਨ ਨੇਪਾਲ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੜ੍ਹਾਂ ਮਗਰੋਂ ਮਿਲਣ ਵਾਲੀ ਨਕਦੀ, ਸੋਨਾ, ਚਾਂਦੀ ਜਾਂ ਹੋਰ ਕੀਮਤੀ ਸਾਮਾਨ ਆਪਣੇ ਕੋਲ ਨਾ ਰੱਖਣ, ਨਾ ਵੇਚਣ ਅਤੇ ਨਾ ਹੀ ਕਿਸੇ ਨੂੰ ਵੰਡਣ। ਪੁਲੀਸ ਨੇ ਅਜਿਹੀਆਂ ਵਸਤਾਂ ਮਿਲਣ ’ਤੇ ਉਨ੍ਹਾਂ ਨੂੰ ਤੁਰੰਤ ਪੁਲੀਸ ਦੇ ਹਵਾਲੇ ਕਰਨ ਲਈ ਕਿਹਾ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਿਪੋਰਟਿੰਗ ਲਈ ਜਾਣ ਵਾਲੇ ਪੱਤਰਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਵਿਸ਼ੇਸ਼ ਮੀਡੀਆ ਪ੍ਰੋਟੋਕੋਲ ਜਾਰੀ ਕੀਤਾ ਗਿਆ ਹੈ।
ਚੀਨ-ਨੇਪਾਲ ਸਰਹੱਦ ’ਤੇ ਵੀ ਭਾਲ ਮੁਹਿੰਮ ਜਾਰੀ
ਚੀਨ: ਚੀਨ ਦੇ ਗੀਰੋਂਗ ਸਰਹੱਦੀ ਖੇਤਰ ਵਿੱਚ ਵੀ ਬਚਾਅ ਕਾਰਜ ਜਾਰੀ ਹਨ। ਐਤਵਾਰ ਨੂੰ ਕਰੀਬ 20 ਬਚਾਅ ਕਰਮਚਾਰੀ ਮਲਬੇ ਹੇਠ ਫਸੇ ਜਾਂ ਲਾਪਤਾ ਲੋਕਾਂ ਦੀ ਭਾਲ ਵਿੱਚ ਲੱਗੇ ਰਹੇ। 26 ਅਗਸਤ ਨੂੰ ਨੇਪਾਲ ਵਿੱਚ ਗਲੇਸ਼ੀਅਰ ਟੁੱਟਣ ਤੋਂ ਬਾਅਦ ਆਏ ਹੜ੍ਹਾਂ ਅਤੇ ਢਿੱਗਾਂ ਕਾਰਨ ਚੀਨ-ਨੇਪਾਲ ਵਿਚਕਾਰ ਮੁੱਖ ਸਰਹੱਦੀ ਲਾਂਘੇ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਸੀ।
ਬਚਾਅ ਟੀਮਾਂ ਵੱਲੋਂ ਖੁਦਾਈ ਮਸ਼ੀਨਾਂ, ਬੇਲਚਿਆਂ ਅਤੇ ਰਡਾਰ ਡਿਟੈਕਟਰਾਂ ਦੀ ਮਦਦ ਨਾਲ ਮਲਬੇ ਦੀ ਤਲਾਸ਼ੀ ਲਈ ਜਾ ਰਹੀ ਹੈ। ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਕਰਵਾਏ ਗਏ ਦੌਰੇ ਦੌਰਾਨ ਪੱਤਰਕਾਰਾਂ ਨੇ ਵੀ ਤਬਾਹੀ ਵਾਲੇ ਇਲਾਕੇ ਦਾ ਜਾਇਜ਼ਾ ਲਿਆ।
ਤਬਾਹੀ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਘਟਨਾ ਤੋਂ ਪਹਿਲਾਂ ਸਰਹੱਦ ’ਤੇ ਮੌਜੂਦ ਪੰਜ ਮੰਜ਼ਿਲਾ ਚੀਨੀ ਕਸਟਮਜ਼ ਇਮਾਰਤ ਦਾ ਹੁਣ ਕੋਈ ਸਪੱਸ਼ਟ ਨਿਸ਼ਾਨ ਨਹੀਂ ਮਿਲ ਰਿਹਾ। ਨੇੜੇ ਮੌਜੂਦ ਪਾਣੀ ਦੀ ਟੈਂਕੀ ਵਾਲੇ ਢਾਂਚੇ ਦਾ ਵੀ ਸਿਰਫ਼ ਕੁਝ ਹਿੱਸਾ ਹੀ ਦਿਖਾਈ ਦੇ ਰਿਹਾ ਹੈ।







