Microsoft 365 ਤੇ Outlook ਦੀਆਂ ਸੇਵਾਵਾਂ ਠੱਪ, ਦੁਨੀਆ ਭਰ ਦੇ ਯੂਜ਼ਰਸ ਨੂੰ ਕਰਨਾ ਪਿਆ ਪਰੇਸ਼ਾਨੀ ਦਾ ਸਾਹਮਣਾ

ਗੈਜੇਟ ਡੈਸਕ : ਦੁਨੀਆ ਦੀ ਪ੍ਰਮੁੱਖ ਤਕਨਾਲੋਜੀ ਕੰਪਨੀ ਮਾਈਕ੍ਰੋਸਾਫਟ ਦੀਆਂ ਸੇਵਾਵਾਂ ਵਿੱਚ ਵੀਰਵਾਰ ਦੇਰ ਰਾਤ ਵੱਡੀ ਤਕਨੀਕੀ ਖਰਾਬੀ ਆਉਣ ਕਾਰਨ ਹੜਕੰਪ ਮਚ ਗਿਆ। ਕੰਪਨੀ ਦੀਆਂ ਈਮੇਲ ਸੇਵਾਵਾਂ Outlook ਅਤੇ Microsoft 365 ਦੇ ਸਰਵਰ ਅਚਾਨਕ ਪ੍ਰਭਾਵਿਤ ਹੋ ਗਏ, ਜਿਸ ਕਾਰਨ ਭਾਰਤ ਸਮੇਤ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਲੱਖਾਂ ਯੂਜ਼ਰਸ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਪਭੋਗਤਾਵਾਂ ਨੂੰ ਈਮੇਲ ਭੇਜਣ, ਪ੍ਰਾਪਤ ਕਰਨ ਅਤੇ ਆਪਣੇ ਖਾਤਿਆਂ ਵਿੱਚ ਲਾਗਇਨ ਕਰਨ ਵਿੱਚ ਮੁਸ਼ਕਲਾਂ ਆਈਆਂ। ਮਾਈਕ੍ਰੋਸਾਫਟ ਨੇ ਇਸ ਤਕਨੀਕੀ ਸਮੱਸਿਆ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਈ ਖੇਤਰਾਂ ਵਿੱਚ ਸੇਵਾਵਾਂ ਦੀ ਕਨੈਕਟੀਵਿਟੀ ਪ੍ਰਭਾਵਿਤ ਹੋਈ ਹੈ ਅਤੇ ਇਸ ਨੂੰ ਬਹਾਲ ਕਰਨ ਲਈ ਤਕਨੀਕੀ ਟੀਮ ਕੰਮ ਕਰ ਰਹੀ ਹੈ।

ਇਸ ਗੜਬੜ ਕਾਰਨ ਦੁਨੀਆ ਭਰ ਦੇ ਕਈ ਦਫ਼ਤਰਾਂ ਅਤੇ ਕਾਰੋਬਾਰੀ ਅਦਾਰਿਆਂ ਦਾ ਕੰਮਕਾਜ ਵੀ ਪ੍ਰਭਾਵਿਤ ਹੋਇਆ। ਆਨਲਾਈਨ ਸੇਵਾਵਾਂ ਵਿੱਚ ਆ ਰਹੀਆਂ ਰੁਕਾਵਟਾਂ ਦੀ ਨਿਗਰਾਨੀ ਕਰਨ ਵਾਲੇ ਪਲੇਟਫਾਰਮ DownDetector ਮੁਤਾਬਕ Outlook ਦੀਆਂ ਸੇਵਾਵਾਂ ਵਿੱਚ ਸਮੱਸਿਆ ਪੂਰਬੀ ਅਮਰੀਕੀ ਸਮੇਂ ਅਨੁਸਾਰ ਦੁਪਹਿਰ ਕਰੀਬ 1 ਵਜੇ ਸ਼ੁਰੂ ਹੋਈ। ਇਸ ਤੋਂ ਬਾਅਦ ਸ਼ਿਕਾਇਤਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਅਤੇ ਆਪਣੇ ਸਿਖਰ ‘ਤੇ Outlook ਸਬੰਧੀ 1 ਲੱਖ ਤੋਂ ਵੱਧ ਰਿਪੋਰਟਾਂ ਦਰਜ ਕੀਤੀਆਂ ਗਈਆਂ। ਇਸੇ ਦੌਰਾਨ Microsoft 365 ਦੀ ਵਰਤੋਂ ਕਰਨ ਵਾਲੇ 15 ਹਜ਼ਾਰ ਤੋਂ ਵੱਧ ਯੂਜ਼ਰਸ ਨੇ ਵੀ ਸੇਵਾਵਾਂ ਵਿੱਚ ਵਿਘਨ ਆਉਣ ਦੀ ਸ਼ਿਕਾਇਤ ਕੀਤੀ।

ਮਾਈਕ੍ਰੋਸਾਫਟ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਰਾਹੀਂ ਇਸ ਆਊਟੇਜ ਬਾਰੇ ਜਾਣਕਾਰੀ ਸਾਂਝੀ ਕੀਤੀ। ਕੰਪਨੀ ਨੇ ਦੱਸਿਆ ਕਿ ਉਸ ਦੀ ਤਕਨੀਕੀ ਟੀਮ ਸਮੱਸਿਆ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਸ਼ੁਰੂਆਤੀ ਤੌਰ ‘ਤੇ ਇਹ ਗੜਬੜ ਅਮਰੀਕਾ ਤੱਕ ਸੀਮਤ ਮੰਨੀ ਜਾ ਰਹੀ ਸੀ, ਪਰ ਬਾਅਦ ਵਿੱਚ ਕੰਪਨੀ ਨੇ ਸਪੱਸ਼ਟ ਕੀਤਾ ਕਿ ਇਸ ਦਾ ਅਸਰ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਵੀ ਪੈ ਸਕਦਾ ਹੈ। ਕੰਪਨੀ ਮੁਤਾਬਕ Microsoft 365 ਦੀ ਸੇਵਾ ਕਨੈਕਟੀਵਿਟੀ ਵੱਖ-ਵੱਖ ਖੇਤਰਾਂ ਦੇ ਉਪਭੋਗਤਾਵਾਂ ਲਈ ਪ੍ਰਭਾਵਿਤ ਹੋ ਸਕਦੀ ਹੈ।

ਇਸ ਦੌਰਾਨ ਮਾਈਕ੍ਰੋਸਾਫਟ ਆਪਣੇ ਕਰਮਚਾਰੀਆਂ ਨਾਲ ਜੁੜੇ ਇੱਕ ਹੋਰ ਫੈਸਲੇ ਕਾਰਨ ਵੀ ਚਰਚਾ ਵਿੱਚ ਹੈ। ਰਿਪੋਰਟਾਂ ਅਨੁਸਾਰ ਕੰਪਨੀ ਦੇ ਲਗਭਗ 60 ਹਜ਼ਾਰ ਕਰਮਚਾਰੀਆਂ ਨੂੰ ਸਵੈਇੱਛਤ ਤੌਰ ‘ਤੇ ਨੌਕਰੀ ਛੱਡਣ ਦੀ ਪੇਸ਼ਕਸ਼ ਕੀਤੀ ਗਈ ਸੀ। ਕੰਪਨੀ ਵੱਲੋਂ ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਕਲਾਊਡ ਬੁਨਿਆਦੀ ਢਾਂਚੇ ਵਿੱਚ ਵੱਡੇ ਪੱਧਰ ‘ਤੇ ਨਿਵੇਸ਼ ਕਰ ਰਹੀ ਹੈ।

ਹਾਲਾਂਕਿ, ਇਸ ਯੋਜਨਾ ਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਯੋਗ ਕਰਮਚਾਰੀਆਂ ਨੂੰ ਕੰਪਨੀ ਵਿੱਚੋਂ ਕੱਢਿਆ ਜਾਵੇਗਾ। ਮਾਈਕ੍ਰੋਸਾਫਟ ਅਨੁਸਾਰ ਇਸ ਪ੍ਰੋਗਰਾਮ ਦਾ ਉਦੇਸ਼ ਉਨ੍ਹਾਂ ਕਰਮਚਾਰੀਆਂ ਨੂੰ ਸਹਾਇਤਾ ਦੇਣਾ ਹੈ, ਜੋ ਕੰਪਨੀ ਤੋਂ ਬਾਹਰ ਆਪਣੇ ਕਰੀਅਰ ਦੇ ਨਵੇਂ ਮੌਕਿਆਂ ਬਾਰੇ ਵਿਚਾਰ ਕਰ ਰਹੇ ਹਨ।