ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ’ਤੇ ਬਣੇਗੀ ਵੱਡੇ ਬਜਟ ਦੀ ਫ਼ਿਲਮ, 2027 ਵਿੱਚ ਸ਼ੁਰੂ ਹੋਵੇਗੀ ਸ਼ੂਟਿੰਗ
ਸਿੱਖ ਸਾਮਰਾਜ ਦੇ ਮਹਾਨ ਸ਼ਾਸਕ ਅਤੇ ‘ਸ਼ੇਰ-ਏ-ਪੰਜਾਬ’ ਵਜੋਂ ਪ੍ਰਸਿੱਧ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ’ਤੇ ਹੁਣ ਇੱਕ ਸ਼ਾਨਦਾਰ ਫ਼ਿਲਮ ਬਣਨ ਜਾ ਰਹੀ ਹੈ। ਇਸ ਪ੍ਰੋਜੈਕਟ ਲਈ ਕਥਾ ਸਟੂਡੀਓਜ਼ ਅਤੇ ਬੀ4 ਮੇਕਰਜ਼ ਸਟੂਡੀਓਜ਼ ਨੇ ਹੱਥ ਮਿਲਾਇਆ ਹੈ। ਦੋਵਾਂ ਕੰਪਨੀਆਂ ਵੱਲੋਂ ਸਾਂਝੇ ਤੌਰ ’ਤੇ ਇਸ ਫ਼ਿਲਮ ਨੂੰ ਤਿਆਰ ਕੀਤਾ ਜਾਵੇਗਾ, ਜਿਸ ਦੀ ਸ਼ੂਟਿੰਗ 2027 ਵਿੱਚ ਸ਼ੁਰੂ ਹੋਣ ਦੀ ਯੋਜਨਾ ਹੈ। ਹਾਲਾਂਕਿ, ਫ਼ਿਲਮ ਦੇ ਨਿਰਦੇਸ਼ਕ ਅਤੇ ਮੁੱਖ ਕਲਾਕਾਰਾਂ ਦੇ ਨਾਵਾਂ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ।
ਮਹਾਰਾਜਾ ਦੇ ਜੀਵਨ ਦੀਆਂ ਅਹਿਮ ਘਟਨਾਵਾਂ ਨੂੰ ਮਿਲੇਗੀ ਜਗ੍ਹਾ
ਇਸ ਫ਼ਿਲਮ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ, ਸ਼ਾਨਦਾਰ ਸ਼ਾਸਨ, ਦੂਰਅੰਦੇਸ਼ੀ ਅਤੇ ਇਤਿਹਾਸਕ ਯੋਗਦਾਨ ਨੂੰ ਵੱਡੇ ਪਰਦੇ ’ਤੇ ਪੇਸ਼ ਕੀਤਾ ਜਾਵੇਗਾ। ਨਿਰਮਾਤਾਵਾਂ ਦਾ ਉਦੇਸ਼ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਮਹੱਤਵਪੂਰਨ ਘਟਨਾਵਾਂ ਨੂੰ ਸਿਨੇਮਾਈ ਅੰਦਾਜ਼ ਵਿੱਚ ਦਰਸਾਉਣਾ ਹੈ, ਤਾਂ ਜੋ ਦਰਸ਼ਕ ਉਸ ਸਮੇਂ ਦੇ ਪੰਜਾਬ ਦੇ ਇਤਿਹਾਸ ਅਤੇ ਹਾਲਾਤਾਂ ਨੂੰ ਬਿਹਤਰ ਢੰਗ ਨਾਲ ਸਮਝ ਸਕਣ।
ਕਥਾ ਸਟੂਡੀਓਜ਼ ਦੇ ਸੰਸਥਾਪਕ ਸ਼ਿਬਾਸ਼ੀਸ਼ ਸਰਕਾਰ ਨੇ ਇਸ ਪ੍ਰੋਜੈਕਟ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਉਨ੍ਹਾਂ ਦੀ ਵਿਰਾਸਤ ਫ਼ਿਲਮ ਨਿਰਮਾਣ ਲਈ ਬੇਹੱਦ ਵਿਸ਼ਾਲ ਅਤੇ ਪ੍ਰੇਰਨਾਦਾਇਕ ਵਿਸ਼ਾ ਹੈ। ਉਨ੍ਹਾਂ ਮੁਤਾਬਕ, ਮਹਾਰਾਜਾ ਦੇ ਜੀਵਨ ਸਫ਼ਰ, ਅਗਵਾਈ ਅਤੇ ਇਤਿਹਾਸਕ ਯੋਗਦਾਨ ਨੂੰ ਉਨ੍ਹਾਂ ਦੀ ਸ਼ਖ਼ਸੀਅਤ ਦੇ ਮਹੱਤਵ ਅਨੁਸਾਰ ਪੇਸ਼ ਕਰਨਾ ਜ਼ਰੂਰੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਬੀ4 ਮੇਕਰਜ਼ ਸਟੂਡੀਓਜ਼ ਦੇ ਸਹਿਯੋਗ ਨਾਲ ਉਨ੍ਹਾਂ ਦੀ ਕੋਸ਼ਿਸ਼ ਇੱਕ ਅਜਿਹੀ ਯਾਦਗਾਰੀ ਫ਼ਿਲਮ ਬਣਾਉਣ ਦੀ ਹੈ, ਜੋ ਇਤਿਹਾਸ ਦੇ ਇਸ ਮਹੱਤਵਪੂਰਨ ਦੌਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸ਼ਕਾਂ ਸਾਹਮਣੇ ਲਿਆ ਸਕੇ।
ਸਿੱਖ ਮਿਸਲਾਂ ਨੂੰ ਇਕਜੁੱਟ ਕਰਕੇ ਕਾਇਮ ਕੀਤਾ ਸੀ ਸਿੱਖ ਸਾਮਰਾਜ
ਮਹਾਰਾਜਾ ਰਣਜੀਤ ਸਿੰਘ ਦਾ ਨਾਂ ਪੰਜਾਬ ਦੇ ਇਤਿਹਾਸ ਵਿੱਚ ਬੇਹੱਦ ਸਨਮਾਨ ਨਾਲ ਲਿਆ ਜਾਂਦਾ ਹੈ। ਉਨ੍ਹਾਂ ਨੇ ਵੱਖ-ਵੱਖ ਸਿੱਖ ਮਿਸਲਾਂ ਨੂੰ ਇਕਜੁੱਟ ਕਰਕੇ ਇੱਕ ਮਜ਼ਬੂਤ ਸਿੱਖ ਸਾਮਰਾਜ ਦੀ ਨੀਂਹ ਰੱਖੀ ਸੀ। ਉਨ੍ਹਾਂ ਦਾ ਰਾਜ ਪੰਜਾਬ ਤੋਂ ਲੈ ਕੇ ਕਸ਼ਮੀਰ ਤੱਕ ਫੈਲਿਆ ਹੋਇਆ ਸੀ। ਉਨ੍ਹਾਂ ਦੀ ਸਿਆਸੀ ਸੂਝ-ਬੂਝ, ਸੈਨਿਕ ਸ਼ਕਤੀ ਅਤੇ ਪ੍ਰਸ਼ਾਸਨਿਕ ਯੋਗਤਾ ਨੇ ਉਨ੍ਹਾਂ ਨੂੰ ਇਤਿਹਾਸ ਦੇ ਮਹਾਨ ਸ਼ਾਸਕਾਂ ਵਿੱਚ ਸ਼ਾਮਲ ਕੀਤਾ।
ਦੂਜੇ ਪਾਸੇ, ਬੀ4 ਮੇਕਰਜ਼ ਸਟੂਡੀਓਜ਼ ਦੇ ਸੰਸਥਾਪਕ ਯਾਦਵਿੰਦਰ ਦੀਪ ਸਿੰਘ ਜੀ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਬਹਾਦਰੀ, ਦ੍ਰਿੜ੍ਹ ਇਰਾਦੇ ਅਤੇ ਪ੍ਰਭਾਵਸ਼ਾਲੀ ਅਗਵਾਈ ਦੀ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਇੰਨੀ ਮਹਾਨ ਅਤੇ ਇਤਿਹਾਸਕ ਮਹੱਤਤਾ ਵਾਲੀ ਸ਼ਖ਼ਸੀਅਤ ਦੇ ਜੀਵਨ ’ਤੇ ਫ਼ਿਲਮ ਬਣਾਉਣ ਦੇ ਇਸ ਉਪਰਾਲੇ ਦਾ ਹਿੱਸਾ ਬਣਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
ਹੁਣ ਦਰਸ਼ਕਾਂ ਦੀਆਂ ਨਜ਼ਰਾਂ ਇਸ ਫ਼ਿਲਮ ਦੀ ਅਗਲੀ ਜਾਣਕਾਰੀ ’ਤੇ ਟਿਕੀਆਂ ਹੋਈਆਂ ਹਨ, ਖ਼ਾਸ ਕਰਕੇ ਇਸ ਗੱਲ ’ਤੇ ਕਿ ਮਹਾਰਾਜਾ ਰਣਜੀਤ ਸਿੰਘ ਦੀ ਭੂਮਿਕਾ ਕਿਹੜਾ ਅਦਾਕਾਰ ਨਿਭਾਏਗਾ ਅਤੇ ਇਸ ਇਤਿਹਾਸਕ ਕਹਾਣੀ ਨੂੰ ਪਰਦੇ ’ਤੇ ਕਿਹੜਾ ਨਿਰਦੇਸ਼ਕ ਪੇਸ਼ ਕਰੇਗਾ।







