Katrina Kaif: ਪੋਸਟਪਾਰਟਮ ਟਰੋਲਿੰਗ ਵਿਚਾਲੇ ਅਦਾਕਾਰਾ ਨੇ ਦੱਸੀ ਖ਼ੂਬਸੂਰਤੀ ਦੀ ਆਪਣੀ ਪਰਿਭਾਸ਼ਾ
ਮੁੰਬਈ: ਬੱਚੇ ਦੇ ਜਨਮ ਤੋਂ ਬਾਅਦ ਸਰੀਰ ਵਿੱਚ ਆਏ ਬਦਲਾਅ ਅਤੇ ਵਧੇ ਵਜ਼ਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਟਿੱਪਣੀਆਂ ਦਾ ਸਾਹਮਣਾ ਕਰ ਰਹੀ ਬੌਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ‘ਖ਼ੂਬਸੂਰਤ ਦਿਸਣ’ ਦੇ ਅਰਥਾਂ ਬਾਰੇ ਆਪਣੀ ਸੋਚ ਸਾਂਝੀ ਕੀਤੀ ਹੈ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਉਨ੍ਹਾਂ ਲਈ ਖ਼ੂਬਸੂਰਤੀ ਦੀ ਪਰਿਭਾਸ਼ਾ ਕਾਫ਼ੀ ਬਦਲ ਚੁੱਕੀ ਹੈ।
ਕੈਟਰੀਨਾ ਮੁਤਾਬਕ, ਮਾਡਲਿੰਗ ਅਤੇ ਐਕਟਿੰਗ ਦੇ ਸ਼ੁਰੂਆਤੀ ਦੌਰ ਵਿੱਚ ਖ਼ੂਬਸੂਰਤੀ ਨੂੰ ਕੁਝ ਨਿਰਧਾਰਤ ਮਾਪਦੰਡਾਂ ਨਾਲ ਜੋੜ ਕੇ ਦੇਖਿਆ ਜਾਂਦਾ ਸੀ। ਹਾਲਾਂਕਿ ਹੁਣ ਉਨ੍ਹਾਂ ਲਈ ਚੰਗਾ ਦਿਸਣ ਦਾ ਅਰਥ ਸਿਰਫ਼ ਬਾਹਰੀ ਰੂਪ ਨਹੀਂ, ਸਗੋਂ ਆਪਣੇ ਆਪ ਨੂੰ ਅੰਦਰੋਂ ਚੰਗਾ ਅਤੇ ਤੰਦਰੁਸਤ ਮਹਿਸੂਸ ਕਰਨਾ ਹੈ।
ਤੰਦਰੁਸਤੀ ਨੂੰ ਦਿੱਤੀ ਤਰਜੀਹ
ਅਦਾਕਾਰਾ ਨੇ ਕਿਹਾ ਕਿ ਸੰਤੁਲਿਤ ਖੁਰਾਕ, ਸਰੀਰ ਵਿੱਚ ਸੋਜਸ਼ ਨੂੰ ਕਾਬੂ ਵਿੱਚ ਰੱਖਣਾ, ਨਿਯਮਿਤ ਤੌਰ ’ਤੇ ਸਰਗਰਮ ਰਹਿਣਾ ਅਤੇ ਧਿਆਨ ਲਗਾਉਣਾ ਉਨ੍ਹਾਂ ਦੀ ਤੰਦਰੁਸਤੀ ਦਾ ਹਿੱਸਾ ਹਨ। ਉਨ੍ਹਾਂ ਅਨੁਸਾਰ, ਸਵੇਰ ਦੇ ਸਮੇਂ ਫੋਨ ਤੋਂ ਦੂਰ ਰਹਿ ਕੇ ਕੁਦਰਤੀ ਧੁੱਪ ਵਿੱਚ ਕੁਝ ਸਮਾਂ ਬਿਤਾਉਣਾ ਵੀ ਸਿਹਤ ਅਤੇ ਚਮੜੀ ਲਈ ਲਾਹੇਵੰਦ ਹੋ ਸਕਦਾ ਹੈ।
ਕੈਟਰੀਨਾ ਨੇ ਕਿਹਾ ਕਿ ਜਦੋਂ ਵਿਅਕਤੀ ਅੰਦਰੋਂ ਸਿਹਤਮੰਦ ਅਤੇ ਖੁਸ਼ ਮਹਿਸੂਸ ਕਰਦਾ ਹੈ ਤਾਂ ਉਸ ਦਾ ਆਤਮਵਿਸ਼ਵਾਸ ਆਪਣੇ ਆਪ ਚਿਹਰੇ ’ਤੇ ਨਜ਼ਰ ਆਉਣ ਲੱਗਦਾ ਹੈ।
ਮਾਂ ਬਣਨ ਤੋਂ ਬਾਅਦ ਟਰੋਲਿੰਗ ਦਾ ਸਾਹਮਣਾ
ਜ਼ਿਕਰਯੋਗ ਹੈ ਕਿ ਕੈਟਰੀਨਾ ਕੈਫ ਨੇ 7 ਨਵੰਬਰ 2025 ਨੂੰ ਆਪਣੇ ਬੇਟੇ ‘ਵਿਹਾਨ’ ਨੂੰ ਜਨਮ ਦਿੱਤਾ ਸੀ। ਬੱਚੇ ਦੇ ਜਨਮ ਤੋਂ ਬਾਅਦ ਹਾਲੇ ਇੱਕ ਸਾਲ ਵੀ ਪੂਰਾ ਨਹੀਂ ਹੋਇਆ, ਪਰ ਕੁਝ ਸੋਸ਼ਲ ਮੀਡੀਆ ਯੂਜ਼ਰ ਉਨ੍ਹਾਂ ਦੀਆਂ ਪੁਰਾਣੀਆਂ ਅਤੇ ਮੌਜੂਦਾ ਤਸਵੀਰਾਂ ਦੀ ਤੁਲਨਾ ਕਰਦੇ ਹੋਏ ਉਨ੍ਹਾਂ ਦੇ ਵਜ਼ਨ ਅਤੇ ਲੁੱਕ ਬਾਰੇ ਨਕਾਰਾਤਮਕ ਟਿੱਪਣੀਆਂ ਕਰ ਰਹੇ ਹਨ।
ਇਸ ਦੌਰਾਨ ਕਈ ਔਰਤਾਂ ਅਤੇ ਪ੍ਰਸ਼ੰਸਕ ਕੈਟਰੀਨਾ ਦੇ ਸਮਰਥਨ ਵਿੱਚ ਵੀ ਸਾਹਮਣੇ ਆਏ ਹਨ। ਇੱਕ ਪ੍ਰਸ਼ੰਸਕ ਨੇ ਕਿਹਾ ਕਿ ਉਹ ਇੱਕ ਨਵੀਂ ਮਾਂ ਹੈ ਅਤੇ ਉਸ ਦੇ ਸਰੀਰ ਨੂੰ ਲੋਕਾਂ ਦੇ ਫ਼ੈਸਲਿਆਂ ਦੀ ਨਹੀਂ, ਸਗੋਂ ਪਿਆਰ ਅਤੇ ਸਮਝ ਦੀ ਲੋੜ ਹੈ। ਇੱਕ ਹੋਰ ਪ੍ਰਸ਼ੰਸਕ ਨੇ ਕਿਹਾ ਕਿ ਆਪਣੇ ਬਦਲੇ ਹੋਏ ਰੂਪ ਨੂੰ ਖੁਸ਼ੀ ਨਾਲ ਸਵੀਕਾਰ ਕਰਨਾ ਹੋਰ ਔਰਤਾਂ ਲਈ ਵੀ ਹੌਸਲਾ ਦੇਣ ਵਾਲੀ ਗੱਲ ਹੈ।
ਕੁਝ ਪ੍ਰਸ਼ੰਸਕਾਂ ਨੇ ਇਹ ਵੀ ਕਿਹਾ ਕਿ ਕੈਟਰੀਨਾ ਚਾਹੁੰਦੀ ਤਾਂ ਟ੍ਰੇਨਰਾਂ ਅਤੇ ਸਖ਼ਤ ਵਰਕਆਊਟ ਦੀ ਮਦਦ ਨਾਲ ਵਜ਼ਨ ਘਟਾ ਸਕਦੀ ਸੀ, ਪਰ ਇਸ ਸਮੇਂ ਉਹ ਆਪਣੇ ਸਰੀਰ ਵਿੱਚ ਆਏ ਬਦਲਾਅ ਨੂੰ ਸਵੀਕਾਰ ਕਰ ਰਹੀ ਹੈ।
ਫਿਲਹਾਲ ਕੈਟਰੀਨਾ ਕੈਫ ਨੇ ਸੋਸ਼ਲ ਮੀਡੀਆ ’ਤੇ ਹੋ ਰਹੀਆਂ ਇਨ੍ਹਾਂ ਟਿੱਪਣੀਆਂ ਦਾ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਹੈ।







