Kal Dosanjh Arrested: ਪੰਜਾਬੀ ਮੂਲ ਦੇ ਵੈਨਕੂਵਰ ਪੁਲੀਸ ਅਧਿਕਾਰੀ ਦੀ ਗ੍ਰਿਫ਼ਤਾਰੀ, ਜਾਣੋ ਕੌਣ ਹੈ ਕੈਲ ਦੋਸਾਂਝ
ਵੈਨਕੂਵਰ: ਕੈਨੇਡਾ ਦੇ ਵੈਨਕੂਵਰ ਪੁਲੀਸ ਵਿਭਾਗ (VPD) ਨਾਲ ਲੰਮੇ ਸਮੇਂ ਤੋਂ ਜੁੜੇ ਪੰਜਾਬੀ ਮੂਲ ਦੇ ਅਧਿਕਾਰੀ ਕੁਲਵਿੰਦਰ ਸਿੰਘ ਉਰਫ਼ ਕੈਲ ਦੋਸਾਂਝ ਨੂੰ ਆਪਣੀ ਹੀ ਪੁਲੀਸ ਫੋਰਸ ਵੱਲੋਂ ਕੀਤੀ ਗਈ ਲੰਬੀ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ’ਤੇ ਵੱਡੀ ਰਕਮ ਦੀ ਧੋਖਾਧੜੀ, ਚੋਰੀ ਅਤੇ ਸਰਕਾਰੀ ਅਧਿਕਾਰੀ ਵਜੋਂ ਭਰੋਸੇ ਦੀ ਉਲੰਘਣਾ ਸਮੇਤ ਕਈ ਗੰਭੀਰ ਦੋਸ਼ ਲਗਾਏ ਗਏ ਹਨ।
ਕਰੀਬ ਢਾਈ ਦਹਾਕੇ ਤੱਕ ਪੁਲੀਸ ਸੇਵਾ
ਕੁਲਵਿੰਦਰ ਸਿੰਘ ਉਰਫ਼ ਕੈਲ ਦੋਸਾਂਝ ਵੈਨਕੂਵਰ ਪੁਲੀਸ ਵਿਭਾਗ ਦਾ ਤਜਰਬੇਕਾਰ ਅਧਿਕਾਰੀ ਰਿਹਾ ਹੈ। ਵੇਰਵਿਆਂ ਮੁਤਾਬਕ ਉਸ ਨੇ VPD ਵਿੱਚ ਕਰੀਬ 25 ਸਾਲ ਸੇਵਾ ਨਿਭਾਈ ਅਤੇ ਵਿੱਤੀ ਅਪਰਾਧ ਯੂਨਿਟ ਵਿੱਚ ਸੀਨੀਅਰ ਡਿਟੈਕਟਿਵ ਵਜੋਂ ਵੀ ਕੰਮ ਕੀਤਾ।
ਪੁਲੀਸ ਸੇਵਾ ਤੋਂ ਇਲਾਵਾ ਦੋਸਾਂਝ ਸਮਾਜਿਕ ਖੇਤਰ ਵਿੱਚ ਵੀ ਸਰਗਰਮ ਰਿਹਾ। ਸਰੀ ਵਿੱਚ ਸਥਿਤ KidsPlay Youth Foundation ਦਾ ਉਹ CEO ਅਤੇ ਸੰਸਥਾਪਕ ਹੈ। ਇਹ ਸੰਸਥਾ ਉਸ ਨੇ 2015 ਵਿੱਚ ਸ਼ੁਰੂ ਕੀਤੀ ਸੀ, ਜਿਸ ਦਾ ਉਦੇਸ਼ ਮੁਫ਼ਤ ਖੇਡ ਪ੍ਰੋਗਰਾਮਾਂ, ਕੈਂਪਾਂ ਅਤੇ ਕਾਉਂਸਲਿੰਗ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ, ਗੈਂਗ ਹਿੰਸਾ ਅਤੇ ਅਪਰਾਧ ਤੋਂ ਦੂਰ ਰੱਖਣਾ ਸੀ।
ਪੰਜਾਬ ਵਿੱਚ ਉਸ ਦਾ ਸਬੰਧ ਫਗਵਾੜਾ ਨੇੜਲੇ ਇੱਕ ਪਿੰਡ ਨਾਲ ਦੱਸਿਆ ਜਾਂਦਾ ਹੈ। ਸਰੀ ਦੇ 129 ਸਟਰੀਟ ਅਤੇ 59 ਐਵੇਨਿਊ ਇਲਾਕੇ ਵਿੱਚ ਸਥਿਤ ਰਿਹਾਇਸ਼ ਤੋਂ ਹੀ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ।
ਕਰੋੜਾਂ ਡਾਲਰ ਦੇ ਕਥਿਤ ਨਿਵੇਸ਼ ਮਾਮਲੇ ਦੀ ਜਾਂਚ
ਸੂਤਰਾਂ ਮੁਤਾਬਕ ਦੋਸਾਂਝ ’ਤੇ ਦੋਸ਼ ਹੈ ਕਿ ਉਸ ਨੇ ਆਪਣੀ ਪੁਲੀਸ ਨੌਕਰੀ ਅਤੇ ਸਮਾਜਿਕ ਪਛਾਣ ਦਾ ਇਸਤੇਮਾਲ ਕਰਦਿਆਂ ਸੈਂਕੜੇ ਲੋਕਾਂ ਦਾ ਭਰੋਸਾ ਹਾਸਲ ਕੀਤਾ ਅਤੇ ਉਨ੍ਹਾਂ ਨੂੰ ਰੀਅਲ ਅਸਟੇਟ ਵਿੱਚ ਨਿਵੇਸ਼ ਰਾਹੀਂ ਵੱਡਾ ਮੁਨਾਫ਼ਾ ਕਮਾਉਣ ਦਾ ਭਰੋਸਾ ਦਿੱਤਾ।
ਦੋਸ਼ਾਂ ਅਨੁਸਾਰ ਨਿਵੇਸ਼ਕਾਂ ਤੋਂ ਲਗਪਗ 25 ਮਿਲੀਅਨ ਕੈਨੇਡੀਅਨ ਡਾਲਰ ਇਕੱਠੇ ਕੀਤੇ ਗਏ। ਕਥਿਤ ਤੌਰ ’ਤੇ ਕੁਝ ਜਾਇਦਾਦਾਂ ਨਕਦ ਰਕਮ ਨਾਲ ਖਰੀਦੀਆਂ ਗਈਆਂ ਅਤੇ ਨਿਵੇਸ਼ਕਾਂ ਨੂੰ ਉਨ੍ਹਾਂ ਨੂੰ ਬਾਅਦ ਵਿੱਚ ਵੱਧ ਕੀਮਤ ’ਤੇ ਵੇਚ ਕੇ ਮੁਨਾਫ਼ਾ ਵੰਡਣ ਦਾ ਭਰੋਸਾ ਦਿੱਤਾ ਗਿਆ।
ਇਸ ਤੋਂ ਬਾਅਦ ਕਥਿਤ ਤੌਰ ’ਤੇ ਇਨ੍ਹਾਂ ਜਾਇਦਾਦਾਂ ਨੂੰ ਬੈਂਕਾਂ ਕੋਲ ਮੋਰਟਗੇਜ ਰੱਖ ਕੇ ਹੋਰ ਜਾਇਦਾਦਾਂ ਖਰੀਦੀਆਂ ਗਈਆਂ। ਬਾਅਦ ਵਿੱਚ ਰੀਅਲ ਅਸਟੇਟ ਮਾਰਕੀਟ ਵਿੱਚ ਆਈ ਮੰਦੀ ਕਾਰਨ ਮੋਰਟਗੇਜ ਵਾਲੀਆਂ ਜਾਇਦਾਦਾਂ ’ਤੇ ਬੈਂਕਾਂ ਵੱਲੋਂ ਕਾਰਵਾਈ ਕੀਤੀ ਗਈ। ਇਸ ਮਗਰੋਂ ਨਿਵੇਸ਼ਕਾਂ ਵੱਲੋਂ ਆਪਣੀ ਰਕਮ ਵਾਪਸ ਮੰਗੇ ਜਾਣ ਦੀ ਗੱਲ ਸਾਹਮਣੇ ਆਈ ਹੈ।
ਦੋਸਾਂਝ ’ਤੇ 9 ਅਪਰਾਧਿਕ ਦੋਸ਼
ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਦੀ ਜਾਣਕਾਰੀ ਮੁਤਾਬਕ 50 ਸਾਲਾ ਕੈਲ ਦੋਸਾਂਝ ਖ਼ਿਲਾਫ਼ ਕੁੱਲ 9 ਅਪਰਾਧਿਕ ਦੋਸ਼ ਦਰਜ ਹਨ। ਇਨ੍ਹਾਂ ਵਿੱਚ:
- $5,000 ਤੋਂ ਵੱਧ ਦੀ ਧੋਖਾਧੜੀ ਦੇ 4 ਦੋਸ਼
- $5,000 ਤੋਂ ਵੱਧ ਦੀ ਚੋਰੀ ਦੇ 4 ਦੋਸ਼
- ਜਨਤਕ ਅਧਿਕਾਰੀ ਵਜੋਂ ਭਰੋਸੇ ਦੀ ਉਲੰਘਣਾ ਦਾ 1 ਦੋਸ਼
ਸ਼ਾਮਲ ਹੈ। ਇਹ ਕਥਿਤ ਅਪਰਾਧ 8 ਦਸੰਬਰ 2017 ਤੋਂ 25 ਜੁਲਾਈ 2025 ਦਰਮਿਆਨ ਵੈਨਕੂਵਰ, ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਹੋਰ ਇਲਾਕਿਆਂ ਵਿੱਚ ਵਾਪਰਨ ਨਾਲ ਸਬੰਧਤ ਦੱਸੇ ਗਏ ਹਨ।
51 ਸਾਲਾ ਸਰਬਜੀਤ ਸਿੰਘ ਗਿੱਲ ਵੀ ਗ੍ਰਿਫ਼ਤਾਰ
ਮਾਮਲੇ ਵਿੱਚ ਦੋਸਾਂਝ ਦੇ ਨਾਲ 51 ਸਾਲਾ ਸਰਬਜੀਤ ਸਿੰਘ ਗਿੱਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ’ਤੇ ਧੋਖਾਧੜੀ ਅਤੇ ਚੋਰੀ ਨਾਲ ਸਬੰਧਤ 6 ਦੋਸ਼ ਲਗਾਏ ਗਏ ਹਨ।
ਵੈਨਕੂਵਰ ਪੁਲੀਸ ਨੇ ਲੰਬੀ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ। ਪੁਲੀਸ ਵੱਲੋਂ ਦੋਸਾਂਝ ਦੀ ਰਿਹਾਇਸ਼ ਅਤੇ ਚੈਰਿਟੀ ਨਾਲ ਸਬੰਧਤ ਥਾਵਾਂ ਦੀ ਤਲਾਸ਼ੀ ਦੌਰਾਨ ਕਈ ਦਸਤਾਵੇਜ਼ ਅਤੇ ਹੋਰ ਸਮੱਗਰੀ ਕਬਜ਼ੇ ਵਿੱਚ ਲਏ ਜਾਣ ਦੀ ਜਾਣਕਾਰੀ ਹੈ।
ਵਕੀਲਾਂ ਨੇ ਦੋਸ਼ਾਂ ਨੂੰ ਨਕਾਰਿਆ
ਦੋਸਾਂਝ ਦੀ ਕਾਨੂੰਨੀ ਨੁਮਾਇੰਦਗੀ ਕਰ ਰਹੀ Alliance Lawyers ਨੇ ਬਿਆਨ ਜਾਰੀ ਕਰਦਿਆਂ ਉਸ ’ਤੇ ਲੱਗੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਵਕੀਲਾਂ ਮੁਤਾਬਕ ਦੋਸਾਂਝ ਬੇਕਸੂਰ ਹੈ ਅਤੇ ਉਸ ਨੇ ਕੋਈ ਅਪਰਾਧ ਨਹੀਂ ਕੀਤਾ।
ਵਕੀਲਾਂ ਨੇ ਇਹ ਵੀ ਕਿਹਾ ਕਿ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਜਾਂ ਉਸ ’ਤੇ ਦੋਸ਼ ਲੱਗਣਾ ਆਪਣੇ ਆਪ ਵਿੱਚ ਉਸ ਦੀ ਅਪਰਾਧਿਕ ਜ਼ਿੰਮੇਵਾਰੀ ਸਾਬਤ ਨਹੀਂ ਕਰਦਾ। ਮਾਮਲੇ ਵਿੱਚ ਲੱਗੇ ਦੋਸ਼ਾਂ ਦੀ ਅਦਾਲਤ ਵਿੱਚ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਹੈ ਅਤੇ ਦੋਸਾਂਝ ਨੂੰ ਕਾਨੂੰਨ ਅਨੁਸਾਰ ਆਪਣਾ ਪੱਖ ਰੱਖਣ ਦਾ ਪੂਰਾ ਅਧਿਕਾਰ ਹੈ।
ਦੋਸਾਂਝ ਦਾ ਪੱਖ ਜਾਣਨ ਲਈ ਉਸ ਦੇ ਨਿੱਜੀ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਫੋਨ ਬੰਦ ਮਿਲਿਆ।







