Defence Heroes: ਬਹਾਦਰੀ ਮੈਡਲ ਜੇਤੂਆਂ ਲਈ ਉਮਰ ਭਰ ਮੁਫ਼ਤ ਰੇਲ ਯਾਤਰਾ, ਡਿਜੀਟਲ ਈ-ਪਾਸ ਦੀ ਸਹੂਲਤ
ਨਵੀਂ ਦਿੱਲੀ: ਰੱਖਿਆ ਮੰਤਰਾਲੇ ਨੇ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੇ ਬਹਾਦਰੀ (Gallantry) ਲਈ ਦਿੱਤੇ ਜਾਣ ਵਾਲੇ ਮੈਡਲਾਂ ਦੇ ਜੇਤੂ ਜਵਾਨਾਂ ਲਈ ਵੱਡਾ ਫ਼ੈਸਲਾ ਕੀਤਾ ਹੈ। ਹੁਣ ਸੈਨਾ ਮੈਡਲ, ਜਲ ਸੈਨਾ ਮੈਡਲ ਅਤੇ ਹਵਾਈ ਸੈਨਾ ਮੈਡਲ ਦੇ ਬਹਾਦਰੀ ਸ਼੍ਰੇਣੀ ਵਾਲੇ ਪੁਰਸਕਾਰ ਜੇਤੂ ਭਾਰਤੀ ਰੇਲਵੇ ਦੀ ਫਸਟ ਕਲਾਸ, ਸੈਕਿੰਡ ਏਸੀ ਅਤੇ ਏਸੀ ਚੇਅਰ ਕਾਰ ਵਿੱਚ ਉਮਰ ਭਰ ਮੁਫ਼ਤ ਯਾਤਰਾ ਕਰ ਸਕਣਗੇ।
ਇਹ ਸਹੂਲਤ ਯੋਗ ਪੁਰਸਕਾਰ ਜੇਤੂਆਂ ਦੀਆਂ ਪਤਨੀਆਂ ਅਤੇ ਵਿਧਵਾਵਾਂ ਨੂੰ ਵੀ ਦਿੱਤੀ ਗਈ ਹੈ। ਵਿਧਵਾ ਲਈ ਇਹ ਸਹੂਲਤ ਦੂਜਾ ਵਿਆਹ ਹੋਣ ਤੱਕ ਲਾਗੂ ਰਹੇਗੀ। ਇਸ ਤੋਂ ਇਲਾਵਾ ਸ਼ਹੀਦ ਹੋਏ ਅਣਵਿਆਹੇ ਪੁਰਸਕਾਰ ਜੇਤੂਆਂ ਦੇ ਮਾਤਾ-ਪਿਤਾ ਵੀ ਇਸ ਯੋਜਨਾ ਦੇ ਲਾਭਪਾਤਰੀ ਹੋਣਗੇ।
ਹੁਣ ਆਨਲਾਈਨ ਮਿਲੇਗਾ ਈ-ਪਾਸ
ਸਹੂਲਤ ਨੂੰ ਲਾਗੂ ਕਰਨ ਲਈ ਰੱਖਿਆ ਮੰਤਰਾਲੇ ਵੱਲੋਂ ਕਾਗਜ਼ੀ ਕਾਰਵਾਈ ਘਟਾਉਂਦਿਆਂ ਡਿਜੀਟਲ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਭਾਰਤੀ ਫੌਜ ਅਨੁਸਾਰ ਯੋਗ ਲਾਭਪਾਤਰੀ Indian Railway Concession Card Portal (IRCCP) ’ਤੇ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਣਗੇ।
ਤਸਦੀਕ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਲਾਭਪਾਤਰੀਆਂ ਨੂੰ ਡਿਜੀਟਲ ਈ-ਪਾਸ ਜਾਰੀ ਕੀਤੇ ਜਾਣਗੇ। ਇਸ ਤੋਂ ਬਾਅਦ 1 ਨਵੰਬਰ 2026 ਤੋਂ IRCTC ਦੀ ਵੈੱਬਸਾਈਟ ਰਾਹੀਂ ਰੇਲ ਟਿਕਟਾਂ ਦੀ ਬੁਕਿੰਗ ਕੀਤੀ ਜਾ ਸਕੇਗੀ।
ਸਿਰਫ਼ ਬਹਾਦਰੀ ਸ਼੍ਰੇਣੀ ਦੇ ਮੈਡਲ ਜੇਤੂ ਯੋਗ
ਸੈਨਾ ਮੈਡਲ, ਜਲ ਸੈਨਾ ਮੈਡਲ ਅਤੇ ਹਵਾਈ ਸੈਨਾ ਮੈਡਲ ਦੋ ਸ਼੍ਰੇਣੀਆਂ ਵਿੱਚ ਦਿੱਤੇ ਜਾਂਦੇ ਹਨ—ਬਹਾਦਰੀ ਅਤੇ ਡਿਊਟੀ ਪ੍ਰਤੀ ਸਮਰਪਣ। ਰੇਲ ਯਾਤਰਾ ਦੀ ਇਸ ਨਵੀਂ ਸਹੂਲਤ ਦਾ ਲਾਭ ਸਿਰਫ਼ ਬਹਾਦਰੀ ਸ਼੍ਰੇਣੀ ਵਿੱਚ ਮੈਡਲ ਹਾਸਲ ਕਰਨ ਵਾਲਿਆਂ ਨੂੰ ਹੀ ਮਿਲੇਗਾ।
ਇਸ ਤੋਂ ਪਹਿਲਾਂ ਉਮਰ ਭਰ ਮੁਫ਼ਤ ਰੇਲ ਯਾਤਰਾ ਦੀ ਇਹ ਸਹੂਲਤ ਮੁੱਖ ਤੌਰ ’ਤੇ ‘ਚੱਕਰ’ ਸ਼੍ਰੇਣੀ ਦੇ ਬਹਾਦਰੀ ਪੁਰਸਕਾਰ ਜੇਤੂਆਂ ਤੱਕ ਸੀਮਤ ਸੀ। ਇਸ ਸ਼੍ਰੇਣੀ ਵਿੱਚ ਜੰਗ ਸਮੇਂ ਦੇ ਪਰਮ ਵੀਰ ਚੱਕਰ, ਮਹਾ ਵੀਰ ਚੱਕਰ ਅਤੇ ਵੀਰ ਚੱਕਰ, ਜਦਕਿ ਅਮਨ ਸਮੇਂ ਦੇ ਅਸ਼ੋਕ ਚੱਕਰ, ਕੀਰਤੀ ਚੱਕਰ ਅਤੇ ਸ਼ੌਰਿਆ ਚੱਕਰ ਸ਼ਾਮਲ ਹਨ।
ਸੈਨਾ ਮੈਡਲ, ਜਲ ਸੈਨਾ ਮੈਡਲ ਅਤੇ ਹਵਾਈ ਸੈਨਾ ਮੈਡਲ ਦੀ ਬਹਾਦਰੀ ਸ਼੍ਰੇਣੀ ਨੂੰ ਵੀਰ ਚੱਕਰ ਅਤੇ ਸ਼ੌਰਿਆ ਚੱਕਰ ਤੋਂ ਬਾਅਦ ਬਹਾਦਰੀ ਪੁਰਸਕਾਰਾਂ ਦੀ ਲੜੀ ਵਿੱਚ ਅਗਲੇ ਪੱਧਰ ’ਤੇ ਰੱਖਿਆ ਜਾਂਦਾ ਹੈ।
ਹੋਰ ਵੀ ਕਈ ਸਹੂਲਤਾਂ
ਕੇਂਦਰ ਸਰਕਾਰ ਵੱਲੋਂ ਬਹਾਦਰੀ ਪੁਰਸਕਾਰ ਜੇਤੂਆਂ ਨੂੰ ਵੱਖ-ਵੱਖ ਤਰ੍ਹਾਂ ਦੇ ਲਾਭ ਦਿੱਤੇ ਜਾਂਦੇ ਹਨ। ਇਨ੍ਹਾਂ ਵਿੱਚ ਵਿੱਤੀ ਸਹਾਇਤਾ, ਹਵਾਈ ਅਤੇ ਰੇਲ ਯਾਤਰਾ ਵਿੱਚ ਛੋਟ ਅਤੇ ਉਨ੍ਹਾਂ ਦੇ ਬੱਚਿਆਂ ਲਈ ਵਿਦਿਅਕ ਅਦਾਰਿਆਂ ਵਿੱਚ ਰਾਖਵਾਂਕਰਨ ਵਰਗੀਆਂ ਸਹੂਲਤਾਂ ਸ਼ਾਮਲ ਹਨ।
ਇਸ ਤੋਂ ਇਲਾਵਾ ਵੱਖ-ਵੱਖ ਰਾਜ ਸਰਕਾਰਾਂ ਵੱਲੋਂ ਵੀ ਆਪਣੇ ਨਿਯਮਾਂ ਅਤੇ ਨੀਤੀਆਂ ਅਨੁਸਾਰ ਬਹਾਦਰੀ ਪੁਰਸਕਾਰ ਜੇਤੂਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਾਧੂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।







