FD ਰੀਨਿਊ ਕਰਵਾਉਣ ਪਹੁੰਚਿਆ ਵਿਅਕਤੀ, ਖਾਤੇ ’ਚੋਂ 32.50 ਲੱਖ ਰੁਪਏ ਨਿਕਲਣ ਦਾ ਮਾਮਲਾ

ਮੋਗਾ ’ਚ 32.50 ਲੱਖ ਦੀ ਕਥਿਤ ਧੋਖਾਧੜੀ, FD ਰੀਨਿਊ ਕਰਵਾਉਣ ਪਹੁੰਚੇ ਵਿਅਕਤੀ ਨੂੰ ਲੱਗਾ ਝਟਕਾ

ਮੋਗਾ ਵਿੱਚ ਇੱਕ ਵਿਅਕਤੀ ਦੇ ਬੈਂਕ ਖਾਤੇ ਵਿੱਚੋਂ ਕਥਿਤ ਤੌਰ ’ਤੇ 32.50 ਲੱਖ ਰੁਪਏ ਦੀ ਰਕਮ ਬਿਨਾਂ ਮਨਜ਼ੂਰੀ ਵੱਖ-ਵੱਖ ਬਾਹਰੀ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਪੀੜਤ ਕੁਲਵੰਤ ਸਿੰਘ ਆਪਣੀ ਮਿਆਦ ਪੂਰੀ ਕਰ ਚੁੱਕੀ ਫਿਕਸਡ ਡਿਪਾਜ਼ਿਟ (FD) ਨੂੰ ਰੀਨਿਊ ਕਰਵਾਉਣ ਲਈ ਸਥਾਨਕ ਪੰਜਾਬ ਐਂਡ ਸਿੰਧ ਬੈਂਕ ਦੀ ਸ਼ਾਖਾ ਵਿੱਚ ਗਿਆ ਸੀ। ਇਸ ਦੌਰਾਨ ਜਦੋਂ ਉਸ ਨੇ ਬੈਂਕ ਅਧਿਕਾਰੀਆਂ ਦੀ ਮਦਦ ਨਾਲ ਆਪਣੇ ਖਾਤੇ ਦੀ ਸਟੇਟਮੈਂਟ ਅਤੇ ਹੋਰ ਵੇਰਵੇ ਚੈੱਕ ਕੀਤੇ ਤਾਂ ਉਸ ਦੇ ਹੋਸ਼ ਉੱਡ ਗਏ।

ਖਾਤੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸ ਦੀ ਜਾਣਕਾਰੀ ਜਾਂ ਸਹਿਮਤੀ ਤੋਂ ਬਿਨਾਂ ਕਥਿਤ ਤੌਰ ’ਤੇ ਵੱਡੀ ਰਕਮ ਕਈ ਵਾਰ ਕੱਢੀ ਗਈ ਅਤੇ ਵੱਖ-ਵੱਖ ਅਣਜਾਣ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ। ਇਸ ਸਬੰਧੀ ਪਤਾ ਲੱਗਦੇ ਹੀ ਕੁਲਵੰਤ ਸਿੰਘ ਨੇ ਤੁਰੰਤ ਬੈਂਕ ਸ਼ਾਖਾ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਅਤੇ ਬਾਅਦ ਵਿੱਚ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ।

ਮੁੱਢਲੀ ਜਾਂਚ ਵਿੱਚ ਮਾਮਲਾ ਸਾਈਬਰ ਧੋਖਾਧੜੀ ਜਾਂ ਬਿਨਾਂ ਅਧਿਕਾਰ ਦੇ ਪੈਸੇ ਟਰਾਂਸਫਰ ਕਰਨ ਨਾਲ ਜੁੜਿਆ ਹੋਣ ਦਾ ਸ਼ੱਕ ਹੈ। ਪੁਲੀਸ ਵੱਲੋਂ ਹੁਣ ਉਨ੍ਹਾਂ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚ ਇਹ ਰਕਮ ਟਰਾਂਸਫਰ ਹੋਈ। ਜਾਂਚ ਟੀਮ ਵੱਲੋਂ ਬੈਂਕਿੰਗ ਲੈਣ-ਦੇਣ ਦੇ ਰਿਕਾਰਡ, ਖਾਤਿਆਂ ਨਾਲ ਸਬੰਧਤ ਜਾਣਕਾਰੀ ਅਤੇ ਡਿਜੀਟਲ ਸਬੂਤਾਂ ਦੀ ਪੜਤਾਲ ਕਰਕੇ ਕਥਿਤ ਧੋਖਾਧੜੀ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੁਲੀਸ ਅਨੁਸਾਰ ਜਾਂਚ ਅੱਗੇ ਵਧਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਰਕਮ ਕਿਸ ਤਰੀਕੇ ਨਾਲ ਟਰਾਂਸਫਰ ਕੀਤੀ ਗਈ ਅਤੇ ਇਸ ਪਿੱਛੇ ਕੌਣ-ਕੌਣ ਲੋਕ ਸ਼ਾਮਲ ਹਨ।