FBI ਦੀ ਮੋਸਟ ਵਾਂਟੇਡ ਸੂਚੀ ’ਚ ਸ਼ਾਮਲ ਮਨਜੀਤ ਸਿੰਘ ਬੇਦੀ ਜਲੰਧਰ ਤੋਂ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਜਲੰਧਰ ਤੋਂ ਗ੍ਰਿਫ਼ਤਾਰ ਕੀਤੇ ਗਏ ਮਨਜੀਤ ਸਿੰਘ ਬੇਦੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐੱਫ.ਬੀ.ਆਈ. (FBI) ਅਤੇ ਅਮਰੀਕੀ ਨਿਆਂ ਵਿਭਾਗ ਵੱਲੋਂ ਵੀ ਕਰ ਦਿੱਤੀ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਐੱਫ.ਬੀ.ਆਈ. ਵੱਲੋਂ ਬੇਦੀ ਦਾ ਨਾਮ ਆਪਣੇ ‘ਮੋਸਟ ਵਾਂਟੇਡ ਫਰੌਡਸਟਰਸ’ ਦੀ ਸੂਚੀ ਵਿੱਚ ਸ਼ਾਮਲ ਕਰਨ ਤੋਂ ਕੁਝ ਹੀ ਘੰਟਿਆਂ ਬਾਅਦ ਪੰਜਾਬ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਤਿੰਨ ਮਹੀਨੇ ਪਹਿਲਾਂ ਸ਼ੁਰੂ ਕੀਤੀ ਗਈ ਇਸ ਵਿਸ਼ੇਸ਼ ਸੂਚੀ ਤਹਿਤ ਬੇਦੀ ਵਿਦੇਸ਼ ਵਿੱਚੋਂ ਗ੍ਰਿਫ਼ਤਾਰ ਹੋਣ ਵਾਲਾ ਪੰਜਵਾਂ ਭਗੌੜਾ ਦੱਸਿਆ ਜਾ ਰਿਹਾ ਹੈ।

ਜਾਂਚ ਏਜੰਸੀਆਂ ਮੁਤਾਬਕ, ਹੁਣ ਤੱਕ ਇਸ ਸੂਚੀ ਵਿੱਚੋਂ ਫੜੇ ਗਏ ਪੰਜੇ ਦੋਸ਼ੀਆਂ ’ਤੇ ਕੁੱਲ ਮਿਲਾ ਕੇ 2 ਅਰਬ ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਹਨ ਅਤੇ ਇਹ ਲੰਮੇ ਸਮੇਂ ਤੋਂ ਕਾਨੂੰਨ ਦੀ ਪਕੜ ਤੋਂ ਬਾਹਰ ਰਹੇ ਸਨ। ਮਨਜੀਤ ਸਿੰਘ ਬੇਦੀ ’ਤੇ ਇਲਜ਼ਾਮ ਹੈ ਕਿ ਉਸ ਨੇ 2024 ਤੋਂ 2025 ਦੇ ਦਰਮਿਆਨ ਅਮਰੀਕਾ ਦੀ ‘ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ’ (SNAP) ਨਾਲ ਜੁੜੀ ਲਗਭਗ 6 ਲੱਖ ਡਾਲਰ ਦੀ ਹੇਰਾਫੇਰੀ ਕੀਤੀ। ਦੋਸ਼ਾਂ ਅਨੁਸਾਰ, ਵਾਸ਼ਿੰਗਟਨ ਦੇ ਟੈਕੋਮਾ ਸ਼ਹਿਰ ਵਿੱਚ ਗਰੋਸਰੀ ਸਟੋਰ ਚਲਾਉਂਦੇ ਹੋਏ ਉਹ ਗਾਹਕਾਂ ਦੇ EBT ਕਾਰਡਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਰਾਸ਼ਨ ਦੀ ਥਾਂ ਨਕਦੀ ਦਿੰਦਾ ਸੀ ਅਤੇ ਇਸ ਦੇ ਬਦਲੇ ਵੱਡਾ ਕਮਿਸ਼ਨ ਆਪਣੇ ਕੋਲ ਰੱਖ ਲੈਂਦਾ ਸੀ।

ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੇਦੀ ਪਿਛਲੇ ਸਾਲ ਅਮਰੀਕਾ ਛੱਡ ਕੇ ਭਾਰਤ ਆ ਗਿਆ ਸੀ। ਅਮਰੀਕੀ ਅਟਾਰਨੀ ਜਨਰਲ ਟੌਡ ਬਲੈਂਚ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਅਮਰੀਕੀ ਕਰਦਾਤਾਵਾਂ ਦੇ ਪੈਸਿਆਂ ਨਾਲ ਧੋਖਾਧੜੀ ਕਰਨ ਵਾਲੇ ਮਨਜੀਤ ਬੇਦੀ ਨੂੰ ਸੂਚੀ ਵਿੱਚ ਸ਼ਾਮਲ ਕਰਨ ਤੋਂ 24 ਘੰਟਿਆਂ ਦੇ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ ਗਿਆ, ਜੋ ਕਿ ਜਾਂਚ ਏਜੰਸੀਆਂ ਲਈ ਵੱਡੀ ਕਾਮਯਾਬੀ ਹੈ।

ਐੱਫ.ਬੀ.ਆਈ. ਦੇ ਡਾਇਰੈਕਟਰ ਕੈਸ਼ ਪਟੇਲ ਨੇ ਵੀ ਇਸ ਕਾਰਵਾਈ ਲਈ ਭਾਰਤੀ ਪੁਲੀਸ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਬੇਦੀ ਨੂੰ ਅਮਰੀਕਾ ਵਾਪਸ ਲਿਆਉਣ ਲਈ ਭਾਰਤੀ ਅਧਿਕਾਰੀਆਂ ਨਾਲ ਸਹਿਯੋਗ ਜਾਰੀ ਹੈ।

ਜਲੰਧਰ ਨਾਲ ਸਬੰਧਤ ਮਨਜੀਤ ਸਿੰਘ ਬੇਦੀ ਅਪਰੈਲ ਮਹੀਨੇ ਵਿੱਚ ਭਾਰਤ ਪਰਤਿਆ ਸੀ। ਜਲੰਧਰ ਪੁਲੀਸ ਕਮਿਸ਼ਨਰ ਸਤਿੰਦਰ ਸਿੰਘ ਦੇ ਅਨੁਸਾਰ, ਉਸ ਨੂੰ ਮਈ ਮਹੀਨੇ ਦਰਜ ਇੱਕ ਹੋਰ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖ਼ਿਲਾਫ਼ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ (PTPR) ਅਤੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 318(4) ਅਤੇ 316(2) ਤਹਿਤ ਵੀ ਕੇਸ ਦਰਜ ਹੈ। ਹੁਣ ਭਾਰਤੀ ਅਤੇ ਅਮਰੀਕੀ ਏਜੰਸੀਆਂ ਇਸ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਲਈ ਤਾਲਮੇਲ ਕਰ ਰਹੀਆਂ ਹਨ।