ਉੱਤਰ-ਪੂਰਬੀ ਦਿੱਲੀ ਦੇ ਸੀਮਾਪੁਰੀ ਇਲਾਕੇ ਵਿੱਚ ਬੁੱਧਵਾਰ ਨੂੰ ਇੱਕ ਚਾਰ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਹਾਦਸੇ ਵਿੱਚ ਕਰੀਬ ਡੇਢ ਸਾਲ ਦੇ ਇੱਕ ਬੱਚੇ ਦੀ ਮੌਤ ਹੋ ਗਈ, ਜਦਕਿ ਤਿੰਨ ਸਾਲ ਦੇ ਬੱਚੇ ਸਮੇਤ ਘੱਟੋ-ਘੱਟ ਅੱਠ ਲੋਕ ਜ਼ਖਮੀ ਹੋਏ ਹਨ।
ਅਧਿਕਾਰੀਆਂ ਮੁਤਾਬਕ ਮਲਬੇ ਹੇਠ ਦੱਬੇ ਅੱਠ ਲੋਕਾਂ ਨੂੰ ਜ਼ਖਮੀ ਹਾਲਤ ਵਿੱਚ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਭੇਜਿਆ ਗਿਆ। ਬਚਾਅ ਕਾਰਜ ਦੌਰਾਨ ਮਲਬੇ ਵਿੱਚੋਂ ਡੇਢ ਸਾਲ ਦੇ ਬੱਚੇ ਦੀ ਲਾਸ਼ ਵੀ ਬਰਾਮਦ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ ਸਨ।
ਇਮਾਰਤ ਡਿੱਗਣ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਦਿੱਲੀ ਨਗਰ ਨਿਗਮ (MCD) ਮੁਤਾਬਕ ਸਥਾਨਕ ਲੋਕਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਆਏ ਭੂਚਾਲ ਤੋਂ ਬਾਅਦ ਇਮਾਰਤ ਵਿੱਚ ਤਰੇੜਾਂ ਪੈ ਗਈਆਂ ਸਨ। ਇਸ ਤੋਂ ਬਾਅਦ ਮਕਾਨ ਮਾਲਕ ਵੱਲੋਂ ਇਮਾਰਤ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਦਿੱਲੀ ਫਾਇਰ ਸਰਵਿਸਿਜ਼ ਨੂੰ ਦੁਪਹਿਰ ਕਰੀਬ 3.30 ਵਜੇ ਇਮਾਰਤ ਡਿੱਗਣ ਦੀ ਸੂਚਨਾ ਮਿਲੀ। ਜਾਣਕਾਰੀ ਮਿਲਦੇ ਹੀ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਮਲਬੇ ਵਿੱਚ ਫਸੇ ਲੋਕਾਂ ਦੀ ਭਾਲ ਸ਼ੁਰੂ ਕੀਤੀ। ਦਿੱਲੀ ਪੁਲੀਸ, ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (DDMA), ਕੌਮੀ ਡਿਜ਼ਾਸਟਰ ਰਿਸਪਾਂਸ ਫੋਰਸ (NDRF), MCD ਅਤੇ ਦਿੱਲੀ ਅਰਬਨ ਸ਼ੈਲਟਰ ਇੰਪਰੂਵਮੈਂਟ ਬੋਰਡ (DUSIB) ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ’ਤੇ ਰਾਹਤ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਤਿੰਨ ਸਾਲ ਦੇ ਬੱਚੇ ਸਮੇਤ ਅੱਠ ਜ਼ਖਮੀਆਂ ਨੂੰ ਸੁਰੱਖਿਅਤ ਤੌਰ ’ਤੇ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਚਾਅ ਕਾਰਜ ਜਾਰੀ ਹੈ ਅਤੇ ਹਾਦਸੇ ਨਾਲ ਜੁੜੀ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਨਗਰ ਨਿਗਮ ਅਨੁਸਾਰ ਇਹ ਇਮਾਰਤ ਲਗਭਗ 20 ਤੋਂ 25 ਸਾਲ ਪੁਰਾਣੀ ਸੀ ਅਤੇ ਹਾਦਸੇ ਸਮੇਂ ਇਸ ਵਿੱਚ ਲੋਕ ਮੌਜੂਦ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੇ ਡਿੱਗਣ ਨਾਲ ਨਾਲ ਲੱਗਦੀ ਇਮਾਰਤ ਦੀਆਂ ਕੁਝ ਕੰਧਾਂ ਵੀ ਢਹਿ ਗਈਆਂ। ਇਸ ਤੋਂ ਇਲਾਵਾ ਹਾਦਸੇ ਦੇ ਪ੍ਰਭਾਵ ਕਾਰਨ ਨੇੜੇ ਸਥਿਤ ਇੱਕ ਮਸਜਿਦ ਦੀ ਚਾਰਦੀਵਾਰੀ ਨੂੰ ਵੀ ਨੁਕਸਾਨ ਪਹੁੰਚਿਆ ਅਤੇ ਉਹ ਡਿੱਗ ਗਈ।







