Saudi Aramco: ਪਾਈਪਲਾਈਨ ਹਮਲੇ ਤੋਂ ਬਾਅਦ ਭਾਰਤੀ ਰਿਫਾਇਨਰੀਆਂ ਲਈ ਕੱਚੇ ਤੇਲ ਦੀ ਸਪਲਾਈ ਰੁਕੀ
ਨਵੀਂ ਦਿੱਲੀ: ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਅਰਾਮਕੋ ਨੇ ਆਪਣੀ ਮਹੱਤਵਪੂਰਨ ਪੂਰਬ-ਪੱਛਮ ਪਾਈਪਲਾਈਨ ’ਤੇ ਹਮਲੇ ਤੋਂ ਬਾਅਦ ਭਾਰਤੀ ਰਿਫਾਇਨਰੀਆਂ ਨੂੰ ਕੱਚੇ ਤੇਲ ਦੀ ਸਪਲਾਈ ਅਗਲੇ ਹੁਕਮਾਂ ਤੱਕ ਰੋਕ ਦਿੱਤੀ ਹੈ। ਇਸ ਮਾਮਲੇ ਨਾਲ ਜੁੜੇ ਸੂਤਰਾਂ ਮੁਤਾਬਕ, ਭਾਰਤੀ ਰਿਫਾਇਨਰੀਆਂ ਨੂੰ ਇਸ ਵੇਲੇ ਸਾਊਦੀ ਅਰਬ ਤੋਂ ਤੈਅ ਸਮੇਂ ਅਨੁਸਾਰ ਮਿਲਣ ਵਾਲੀਆਂ ਖੇਪਾਂ ਪ੍ਰਾਪਤ ਨਹੀਂ ਹੋ ਰਹੀਆਂ।
ਅਰਬ ਪ੍ਰਾਇਦੀਪ ਵਿੱਚ ਕਰੀਬ 1,200 ਕਿਲੋਮੀਟਰ ਤੱਕ ਫੈਲੀ ਪੂਰਬ-ਪੱਛਮ ਪਾਈਪਲਾਈਨ ਨੂੰ ਵੀਰਵਾਰ ਨੂੰ ਡਰੋਨ ਹਮਲਿਆਂ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ। ਇਨ੍ਹਾਂ ਹਮਲਿਆਂ ਨੂੰ ਇਰਾਨ ਸਮਰਥਿਤ ਇਰਾਕੀ ਲੜਾਕੂਆਂ ਨਾਲ ਜੋੜਿਆ ਗਿਆ ਹੈ।
ਇਸ ਮਹੀਨੇ ਸਾਊਦੀ ਅਰਬ ਦੇ ਊਰਜਾ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਵੀ ਕਈ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਪੱਛਮੀ ਲਾਲ ਸਾਗਰ ਤੱਟ ਵੱਲੋਂ ਯਮਨ ਵਿੱਚ ਸਰਗਰਮ ਹੂਤੀ ਬਾਗ਼ੀਆਂ ਵੱਲੋਂ ਕੀਤੇ ਗਏ ਹਮਲਿਆਂ ਕਾਰਨ ਖੇਤਰ ਵਿੱਚ ਸੁਰੱਖਿਆ ਸੰਬੰਧੀ ਚਿੰਤਾਵਾਂ ਵਧੀਆਂ ਹਨ। ਇਰਾਨ ਸਮਰਥਿਤ ਇਸ ਸਮੂਹ ਵੱਲੋਂ ਲਾਲ ਸਾਗਰ ਵਿੱਚ ਸਾਊਦੀ ਜਹਾਜ਼ਾਂ ਲਈ ਧਮਕੀਆਂ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ।
ਪਾਈਪਲਾਈਨ ਦੇ ਬੰਦ ਹੋਣ ਨਾਲ ਪਹਿਲਾਂ ਹੀ ਦਬਾਅ ਹੇਠ ਚੱਲ ਰਹੇ ਕੱਚੇ ਤੇਲ ਦੇ ਅੰਤਰਰਾਸ਼ਟਰੀ ਬਾਜ਼ਾਰ ’ਤੇ ਹੋਰ ਅਸਰ ਪੈਣ ਦੀ ਚਰਚਾ ਹੈ। ਸੂਤਰਾਂ ਮੁਤਾਬਕ, ਇਸ ਸਾਲ ਦੇ ਸ਼ੁਰੂ ਵਿੱਚ ਹਰਮੁਜ਼ ਜਲਡੰਘ ਰਾਹੀਂ ਸਮੁੰਦਰੀ ਆਵਾਜਾਈ ਵਿੱਚ ਰੁਕਾਵਟ ਪੈਣ ਕਾਰਨ ਸਾਊਦੀ ਅਰਬ ਨੇ 7 ਮਿਲੀਅਨ ਬੈਰਲ ਪ੍ਰਤੀ ਦਿਨ ਸਮਰੱਥਾ ਵਾਲੀ ਇਸ ਪਾਈਪਲਾਈਨ ਨੂੰ ਉੱਚ ਸਮਰੱਥਾ ’ਤੇ ਚਲਾਇਆ ਸੀ।
ਭਾਰਤ ਲਈ ਸਾਊਦੀ ਤੇਲ ਦੀ ਅਹਿਮੀਅਤ
ਸਾਊਦੀ ਅਰਬ ਲੰਬੇ ਸਮੇਂ ਤੋਂ ਭਾਰਤ ਲਈ ਕੱਚੇ ਤੇਲ ਦਾ ਮਹੱਤਵਪੂਰਨ ਸਪਲਾਇਰ ਰਿਹਾ ਹੈ। ਸੂਤਰਾਂ ਅਨੁਸਾਰ, ਮੌਜੂਦਾ ਜੰਗੀ ਹਾਲਾਤ ਸ਼ੁਰੂ ਹੋਣ ਤੋਂ ਬਾਅਦ ਅਰਾਮਕੋ ਨੇ ਭਾਰਤ ਦੀ ਕੁੱਲ ਕੱਚੇ ਤੇਲ ਦਰਾਮਦ ਵਿੱਚ ਲਗਪਗ 9 ਫ਼ੀਸਦੀ ਯੋਗਦਾਨ ਦਿੱਤਾ ਹੈ।
ਅਰਾਮਕੋ ਆਮ ਤੌਰ ’ਤੇ ਭਾਰਤ ਸਮੇਤ ਆਪਣੇ ਗਾਹਕਾਂ ਨੂੰ ਸਪੌਟ ਮਾਰਕੀਟ ਦੀ ਬਜਾਏ ਅਧਿਕਾਰਤ ਵਿਕਰੀ ਕੀਮਤਾਂ (Official Selling Prices) ’ਤੇ ਸਾਲਾਨਾ ਸਮਝੌਤਿਆਂ ਰਾਹੀਂ ਕੱਚਾ ਤੇਲ ਮੁਹੱਈਆ ਕਰਵਾਉਂਦੀ ਹੈ। ਇਸ ਕਾਰਨ ਮੌਜੂਦਾ ਸਪਲਾਈ ਰੁਕਣ ਨੂੰ ਭਾਰਤੀ ਰਿਫਾਇਨਰੀਆਂ ਲਈ ਮਹੱਤਵਪੂਰਨ ਰੁਕਾਵਟ ਵਜੋਂ ਦੇਖਿਆ ਜਾ ਰਿਹਾ ਹੈ।
ਰਿਫਾਇਨਰੀਆਂ ਨੂੰ ਲੱਭਣੇ ਪੈਣਗੇ ਬਦਲਵੇਂ ਸਰੋਤ
ਸਾਊਦੀ ਅਰਬ ਤੋਂ ਨਿਰਧਾਰਤ ਸਪਲਾਈ ਰੁਕਣ ਕਾਰਨ ਭਾਰਤੀ ਰਿਫਾਇਨਰੀਆਂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਹੋਰ ਦੇਸ਼ਾਂ ਜਾਂ ਬਦਲਵੇਂ ਬਾਜ਼ਾਰੀ ਸਰੋਤਾਂ ਵੱਲ ਰੁਖ ਕਰਨਾ ਪੈ ਸਕਦਾ ਹੈ। ਸਪਲਾਈ ਕਿੰਨੇ ਸਮੇਂ ਤੱਕ ਪ੍ਰਭਾਵਿਤ ਰਹੇਗੀ, ਇਹ ਅਜੇ ਸਪੱਸ਼ਟ ਨਹੀਂ ਹੈ।
ਮੌਜੂਦਾ ਹਾਲਾਤਾਂ ਵਿੱਚ ਪਾਈਪਲਾਈਨ ਦੀ ਬਹਾਲੀ ਅਤੇ ਸਾਊਦੀ ਅਰਾਮਕੋ ਵੱਲੋਂ ਭਾਰਤ ਲਈ ਕੱਚੇ ਤੇਲ ਦੀ ਸਪਲਾਈ ਮੁੜ ਸ਼ੁਰੂ ਕਰਨ ’ਤੇ ਨਜ਼ਰ ਬਣੀ ਹੋਈ ਹੈ।







