CJP Protest: ਦਿੱਲੀ ਪਹੁੰਚਦੇ ਹੀ ਅਭੀਜੀਤ ਦੀਪਕੇ ਸਮੇਤ ਸੀਜੇਪੀ ਦੇ ਤਿੰਨ ਆਗੂ ਹਿਰਾਸਤ ’ਚ

ਦਿੱਲੀ ’ਚ ਸੀਜੇਪੀ ਦੇ ਪ੍ਰਦਰਸ਼ਨ ਤੋਂ ਪਹਿਲਾਂ ਸਖ਼ਤੀ, ਅਭੀਜੀਤ ਦੀਪਕੇ ਸਮੇਤ ਤਿੰਨ ਆਗੂ ਹਿਰਾਸਤ ’ਚ

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ‘ਕੌਕਰੋਚ ਜਨਤਾ ਪਾਰਟੀ’ (ਸੀਜੇਪੀ) ਵੱਲੋਂ ਜੰਤਰ-ਮੰਤਰ ’ਤੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਦਿੱਲੀ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ। ਇਸ ਦੌਰਾਨ ਪਾਰਟੀ ਨੇ ਦਾਅਵਾ ਕੀਤਾ ਕਿ ਮੁੰਬਈ ਤੋਂ ਦਿੱਲੀ ਪਹੁੰਚੇ ਉਸ ਦੇ ਤਿੰਨ ਆਗੂਆਂ ਅਭੀਜੀਤ ਦੀਪਕੇ, ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਜਹਾਜ਼ ਦੇ ਉਤਰਨ ਮਗਰੋਂ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ।

ਸੀਜੇਪੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਪੁਲੀਸ ਮੁਲਾਜ਼ਮ ਅਭੀਜੀਤ ਦੀਪਕੇ ਨੂੰ ਜਹਾਜ਼ ਵਿੱਚੋਂ ਲੈ ਕੇ ਜਾਂਦੇ ਦਿਖਾਈ ਦੇ ਰਹੇ ਹਨ। ਪਾਰਟੀ ਨੇ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਦੋਸ਼ ਲਾਇਆ ਕਿ ਇਹ ਆਗੂਆਂ ਨੂੰ ਪ੍ਰਸਤਾਵਿਤ ਪ੍ਰਦਰਸ਼ਨ ਵਾਲੀ ਥਾਂ ’ਤੇ ਪਹੁੰਚਣ ਤੋਂ ਰੋਕਣ ਲਈ ਪਹਿਲਾਂ ਤੋਂ ਉਲੀਕੀ ਗਈ ਯੋਜਨਾ ਦਾ ਹਿੱਸਾ ਹੈ। ਪਾਰਟੀ ਨੇ ਇਸ ਨੂੰ ਆਵਾਜਾਈ ਦੀ ਆਜ਼ਾਦੀ ਦੀ ਉਲੰਘਣਾ ਕਰਾਰ ਦਿੰਦਿਆਂ ਤਿੰਨਾਂ ਆਗੂਆਂ ਦੀ ਤੁਰੰਤ ਅਤੇ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ।

ਇਸ ਤੋਂ ਪਹਿਲਾਂ ਪੁਲੀਸ ਸੂਤਰਾਂ ਅਨੁਸਾਰ, ਪ੍ਰਦਰਸ਼ਨ ਤੋਂ ਪਹਿਲਾਂ ਯੂਟਿਊਬਰ ਧਰੁਵ ਰਾਠੀ ਨੂੰ ਗੁਰੂਗ੍ਰਾਮ ਦੇ ਸੈਕਟਰ-56 ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਹਿਰਾਸਤ ਵਿੱਚ ਲਿਆ ਗਿਆ। ਇਸ ਤੋਂ ਇਲਾਵਾ ਜੰਤਰ-ਮੰਤਰ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਲਗਭਗ 150 ਪ੍ਰਦਰਸ਼ਨਕਾਰੀਆਂ ਨੂੰ ਵੀ ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ।

ਸੁਰੱਖਿਆ ਪ੍ਰਬੰਧਾਂ ਤਹਿਤ ਰਾਜਧਾਨੀ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ। ਪੁਲੀਸ ਵੱਲੋਂ ਬੈਰੀਕੇਡਾਂ ਦੀ ਨਿਗਰਾਨੀ ਕਰਨ ਦੇ ਨਾਲ-ਨਾਲ ਵਾਹਨਾਂ ਦੀ ਜਾਂਚ ਵੀ ਕੀਤੀ ਗਈ। ਇਸ ਕਾਰਨ ਮੱਧ ਦਿੱਲੀ ਦੇ ਕਈ ਇਲਾਕਿਆਂ ਵਿੱਚ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਜਤਾਈ ਗਈ।

ਦਿੱਲੀ ਟਰੈਫਿਕ ਪੁਲੀਸ ਨੇ ਕਨਾਟ ਪਲੇਸ, ਮੰਡੀ ਹਾਊਸ, ਜੰਤਰ-ਮੰਤਰ, ਪਟੇਲ ਚੌਕ ਅਤੇ ਹੋਰ ਪ੍ਰਮੁੱਖ ਚੌਰਾਹਿਆਂ ਨੇੜੇ ਆਵਾਜਾਈ ਵਿੱਚ ਵਿਘਨ ਪੈਣ ਦੀ ਚਿਤਾਵਨੀ ਦਿੱਤੀ। ਸਵੇਰੇ ਛੇ ਵਜੇ ਤੋਂ ਲਾਗੂ ਕੀਤੇ ਗਏ ਡਾਇਵਰਸ਼ਨਾਂ ਨੂੰ ਕਾਨੂੰਨ-ਵਿਵਸਥਾ ਦੀ ਸਥਿਤੀ ਅਨੁਸਾਰ ਨਿਯੰਤਰਿਤ ਕਰਨ ਦੀ ਗੱਲ ਕਹੀ ਗਈ।

ਪ੍ਰਭਾਵਿਤ ਰਸਤਿਆਂ ਵਿੱਚ ਅਸ਼ੋਕ ਰੋਡ-ਜੰਤਰ-ਮੰਤਰ ਰੋਡ ਗੋਲ ਚੱਕਰ, ਤਾਲਸਟਾਏ ਮਾਰਗ-ਜਨਪਥ ਚੌਰਾਹਾ, ਜੈ ਸਿੰਘ ਰੋਡ-ਸੰਸਦ ਮਾਰਗ ਚੌਰਾਹਾ, ਰੇਲ ਭਵਨ ਗੋਲ ਚੱਕਰ, ਪਟੇਲ ਚੌਕ, ਗੋਲ ਡਾਕਖਾਨਾ ਅਤੇ ਵਿੰਡਸਰ ਪਲੇਸ ਸਮੇਤ ਕਈ ਇਲਾਕੇ ਸ਼ਾਮਲ ਸਨ। ਮੰਡੀ ਹਾਊਸ, ਬਾਰਾਖੰਭਾ ਰੋਡ, ਮਿੰਟੋ ਰੋਡ ਅਤੇ ਦੀਨ ਦਿਆਲ ਉਪਾਧਿਆਏ ਮਾਰਗ ’ਤੇ ਵੀ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਸੀ।

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਵੀ ਸ਼ੁੱਕਰਵਾਰ ਰਾਤ ਨੌਂ ਵਜੇ ਤੋਂ ਸਥਿਤੀ ਆਮ ਹੋਣ ਤੱਕ 57 ਮੈਟਰੋ ਸਟੇਸ਼ਨਾਂ ਦੇ ਪ੍ਰਵੇਸ਼ ਅਤੇ ਨਿਕਾਸ ਗੇਟ ਬੰਦ ਰੱਖਣ ਦਾ ਐਲਾਨ ਕੀਤਾ ਸੀ। ਇਸੇ ਤਰ੍ਹਾਂ ਮੱਧ ਦਿੱਲੀ ਦੇ ਕੁਝ ਹਿੱਸਿਆਂ ਵਿੱਚ 24 ਘੰਟਿਆਂ ਲਈ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰਨ ਦੀ ਗੱਲ ਕਹੀ ਗਈ।

ਪੁਲੀਸ ਅਤੇ ਟਰੈਫਿਕ ਪ੍ਰਬੰਧਾਂ ਕਾਰਨ ਯਾਤਰੀਆਂ ਨੂੰ ਗ਼ੈਰ-ਜ਼ਰੂਰੀ ਸਫ਼ਰ ਤੋਂ ਬਚਣ ਅਤੇ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਵਾਧੂ ਸਮਾਂ ਰੱਖਣ ਦੀ ਸਲਾਹ ਦਿੱਤੀ ਗਈ। ਰੇਲਵੇ ਸਟੇਸ਼ਨਾਂ, ਅੰਤਰਰਾਜੀ ਬੱਸ ਅੱਡਿਆਂ ਅਤੇ ਹਵਾਈ ਅੱਡੇ ਵੱਲ ਜਾਣ ਵਾਲੇ ਯਾਤਰੀਆਂ ਨੂੰ ਵੀ ਆਪਣੀ ਯਾਤਰਾ ਦੀ ਯੋਜਨਾ ਉਸੇ ਅਨੁਸਾਰ ਬਣਾਉਣ ਲਈ ਕਿਹਾ ਗਿਆ।

ਸੀਜੇਪੀ ਦਾ ਇਹ ਪ੍ਰਦਰਸ਼ਨ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੁਧਾਈ (SIR) ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਸੀ। ਪਾਰਟੀ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ।