Halifax Newborn Death: ਨਵਜੰਮੇ ਬੱਚੇ ਦੀ ਮੌਤ ਮਾਮਲੇ ’ਚ ਰਮਨਦੀਪ ਕੌਰ ਨੂੰ ਸ਼ਰਤਾਂ ਤਹਿਤ ਜ਼ਮਾਨਤ
ਹੈਲੀਫ਼ੈਕਸ (ਕੈਨੇਡਾ): ਹੈਲੀਫ਼ੈਕਸ ਨੇੜੇ ਨਵਜੰਮੇ ਬੱਚੇ ਦੇ ਅਵਸ਼ੇਸ਼ ਮਿਲਣ ਨਾਲ ਜੁੜੇ ਚਰਚਿਤ ਮਾਮਲੇ ਵਿੱਚ 27 ਸਾਲਾ ਰਮਨਦੀਪ ਕੌਰ ਨੂੰ ਅਦਾਲਤ ਨੇ ਸਖ਼ਤ ਸ਼ਰਤਾਂ ਤਹਿਤ ਜ਼ਮਾਨਤ ਦੇ ਦਿੱਤੀ ਹੈ। ਵੀਰਵਾਰ ਸਵੇਰੇ ਹੈਲੀਫ਼ੈਕਸ ਪ੍ਰੋਵਿੰਸ਼ੀਅਲ ਕੋਰਟ ਵਿੱਚ ਪੇਸ਼ ਹੋਈ ਰਮਨਦੀਪ ਕੌਰ ਨੇ ਪੰਜਾਬੀ ਦੁਭਾਸ਼ੀਏ ਦੀ ਮਦਦ ਨਾਲ ਅਦਾਲਤੀ ਕਾਰਵਾਈ ਵਿੱਚ ਹਿੱਸਾ ਲਿਆ। ਜੱਜ ਮਾਰਕ ਚਿਸਹੌਮ ਨੇ ਕ੍ਰਾਊਨ ਅਤੇ ਬਚਾਅ ਪੱਖ ਵਿਚਾਲੇ ਬਣੀ ਸਹਿਮਤੀ ਦੇ ਆਧਾਰ ’ਤੇ ਜ਼ਮਾਨਤ ਮਨਜ਼ੂਰ ਕੀਤੀ।
ਅਦਾਲਤ ਵੱਲੋਂ ਲਗਾਈਆਂ ਸ਼ਰਤਾਂ ਮੁਤਾਬਕ ਰਮਨਦੀਪ ਕੌਰ ਨੂੰ ਹੈਲੀਫ਼ੈਕਸ ਵਿੱਚ ਆਪਣੇ ਜ਼ਮਾਨਤੀ ਵਿਅਕਤੀ ਦੇ ਨਾਲ ਅਦਾਲਤ ਵੱਲੋਂ ਨਿਰਧਾਰਤ ਪਤੇ ’ਤੇ ਰਹਿਣਾ ਹੋਵੇਗਾ। ਉਹ ਨੋਵਾ ਸਕੋਸ਼ੀਆ ਤੋਂ ਬਾਹਰ ਨਹੀਂ ਜਾ ਸਕੇਗੀ ਅਤੇ ਹਰ ਹਫ਼ਤੇ ਹੈਲੀਫ਼ੈਕਸ ਰੀਜਨਲ ਪੁਲੀਸ ਕੋਲ ਖ਼ੁਦ ਹਾਜ਼ਰ ਹੋ ਕੇ ਰਿਪੋਰਟ ਕਰੇਗੀ। ਇਸ ਦੇ ਨਾਲ ਹੀ ਹਰ ਅਦਾਲਤੀ ਸੁਣਵਾਈ ਵਿੱਚ ਹਾਜ਼ਰ ਹੋਣਾ ਲਾਜ਼ਮੀ ਹੋਵੇਗਾ। ਉਸ ਦਾ ਪਾਸਪੋਰਟ ਅਤੇ ਭਾਰਤੀ ਰਾਸ਼ਟਰੀ ਪਛਾਣ ਪੱਤਰ ਵੀ ਜਮ੍ਹਾਂ ਕਰਵਾਇਆ ਜਾਵੇਗਾ।
ਜ਼ਮਾਨਤ ਦੌਰਾਨ ਰਮਨਦੀਪ ਕੌਰ ਅਤੇ ਉਸ ਦੇ ਜ਼ਮਾਨਤੀ ਵਿਅਕਤੀ ਲਈ 1,000 ਕੈਨੇਡੀਅਨ ਡਾਲਰ ਦੀ ਸ਼ਰਤ ਵੀ ਰੱਖੀ ਗਈ ਹੈ। ਸ਼ਰਤਾਂ ਦੀ ਉਲੰਘਣਾ ਹੋਣ ਦੀ ਸੂਰਤ ਵਿੱਚ ਇਹ ਰਕਮ ਅਦਾ ਕਰਨ ਦੀ ਜ਼ਿੰਮੇਵਾਰੀ ਹੋਵੇਗੀ। ਇਹ ਸ਼ਰਤਾਂ ਕ੍ਰਾਊਨ ਵਕੀਲ ਕੈਵਿਨ ਨਾਈਟਿੰਗੇਲ ਅਤੇ ਬਚਾਅ ਪੱਖ ਦੇ ਵਕੀਲ ਟ੍ਰੈਵਰ ਮੈਕਗੀਗਨ ਵਿਚਾਲੇ ਸਹਿਮਤੀ ਨਾਲ ਤੈਅ ਹੋਈਆਂ।
ਪਤੀ ’ਤੇ ਵੀ ਗੰਭੀਰ ਦੋਸ਼
ਰਮਨਦੀਪ ਕੌਰ ਅਤੇ ਉਸ ਦੇ 24 ਸਾਲਾ ਪਤੀ ਸੁਖਪ੍ਰੀਤ ਸਿੰਘ ਖ਼ਿਲਾਫ਼ ਦੋਸ਼ ਹੈ ਕਿ ਉਨ੍ਹਾਂ ਨੇ ਨਵਜੰਮੇ ਬੱਚੇ ਦੀ ਮ੍ਰਿਤਕ ਦੇਹ ਨੂੰ ਇਸ ਤਰੀਕੇ ਨਾਲ ਟਿਕਾਣੇ ਲਾਇਆ, ਜਿਸ ਨਾਲ ਬੱਚੇ ਦੇ ਜਨਮ ਬਾਰੇ ਜਾਣਕਾਰੀ ਲੁਕਾਈ ਜਾ ਸਕੇ। ਦੋਵਾਂ ’ਤੇ ਪੁਲੀਸ ਅਤੇ ਹੋਰ ਵਿਅਕਤੀਆਂ ਨੂੰ ਕਥਿਤ ਤੌਰ ’ਤੇ ਗਲਤ ਜਾਣਕਾਰੀ ਦੇ ਕੇ ਜਾਂਚ ਵਿੱਚ ਰੁਕਾਵਟ ਪਾਉਣ ਦੇ ਦੋ ਦੋਸ਼ ਅਤੇ ਮ੍ਰਿਤਕ ਦੇਹ ਨਾਲ ਬਦਸਲੂਕੀ ਦਾ ਦੋਸ਼ ਵੀ ਲਾਇਆ ਗਿਆ ਹੈ।
ਰਮਨਦੀਪ ਕੌਰ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਵੀ ਸੁਖਪ੍ਰੀਤ ਸਿੰਘ ਹਿਰਾਸਤ ਵਿੱਚ ਹੈ।
22 ਮਈ ਨੂੰ ਸਾਹਮਣੇ ਆਇਆ ਸੀ ਮਾਮਲਾ
ਪੁਲੀਸ ਮੁਤਾਬਕ ਇਹ ਮਾਮਲਾ 22 ਮਈ ਨੂੰ ਸਾਹਮਣੇ ਆਇਆ ਸੀ, ਜਦੋਂ 23 ਸਾਲਾ ਇੱਕ ਮਹਿਲਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਸ ਸਮੇਂ ਨਵਜੰਮਿਆ ਬੱਚਾ ਉਸ ਦੇ ਨਾਲ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਪੁਲੀਸ ਨੇ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
24 ਮਈ ਨੂੰ ਨੋਵਾ ਸਕੋਸ਼ੀਆ ਦੇ ਗੁੱਡਵੁੱਡ ਇਲਾਕੇ ਵਿੱਚ ਓਲਡ ਕੋਚ ਰੋਡ ਨੇੜੇ ਜੰਗਲੀ ਖੇਤਰ ਵਿੱਚੋਂ ਨਵਜੰਮੇ ਬੱਚੇ ਦੇ ਅਵਸ਼ੇਸ਼ ਮਿਲੇ। ਬਾਅਦ ਵਿੱਚ 27 ਮਈ ਨੂੰ ਬੱਚੇ ਦੀ ਜਨਨੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਪੁਲੀਸ ਦਾ ਕਹਿਣਾ ਹੈ ਕਿ ਮਹਿਲਾ ਦੀ ਮੌਤ ਹਿੰਸਾ ਕਾਰਨ ਨਹੀਂ, ਸਗੋਂ ਇੱਕ ਮੈਡੀਕਲ ਐਮਰਜੈਂਸੀ ਕਾਰਨ ਹੋਈ ਸੀ।
ਬੱਚੇ ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ
ਪੁਲੀਸ ਅਨੁਸਾਰ ਨਵਜੰਮੇ ਬੱਚੇ ਦੀ ਮੌਤ ਦਾ ਅਸਲ ਕਾਰਨ ਪਤਾ ਕਰਨ ਲਈ ਮੈਡੀਕਲ ਐਗਜ਼ਾਮਿਨਰ ਦੀ ਅੰਤਿਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਇਸ ਰਿਪੋਰਟ ਨੂੰ ਆਉਣ ਵਿੱਚ ਕੁਝ ਹੋਰ ਮਹੀਨੇ ਲੱਗ ਸਕਦੇ ਹਨ।
ਮਾਮਲੇ ਵਿੱਚ ਅਗਲੀ ਅਦਾਲਤੀ ਸੁਣਵਾਈ 14 ਅਕਤੂਬਰ ਨੂੰ ਹੋਵੇਗੀ। ਉਦੋਂ ਤੱਕ ਰਮਨਦੀਪ ਕੌਰ ’ਤੇ ਲਗਾਈਆਂ ਗਈਆਂ ਜ਼ਮਾਨਤੀ ਸ਼ਰਤਾਂ ਲਾਗੂ ਰਹਿਣਗੀਆਂ।







